ਹਰਜਿੰਦਰ ਸਿੰਘ ਸਿੱਧੂ ਉਰਫ਼ ਹਰਜ ਨੂੰ ਡੈਲਟਾ ਪੁਲਿਸ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਡੈਲਟਾ ਪੁਲਿਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕਿਸੇ ਪੰਜਾਬੀ ਵਿਅਕਤੀ ਨੂੰ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਮਾਣ ਹਾਸਲ ਹੋਇਆ ਹੈ।
ਹਰਜਿੰਦਰ ਸਿੱਧੂ 1993 ਵਿੱਚ ਡੈਲਟਾ ਪੁਲਿਸ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਉਨ੍ਹਾਂ ਇਸ ਪੁਲਿਸ ਫੋਰਸ ਦੇ ਮੁਖੀ ਦੇ ਅਹੁਦੇ ਤੱਕ ਪਹੁੰਚ ਕੇ ਸਮੁੱਚੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਨੇਡਾ ਦੇ ਪੱਛਮੀ ਸਾਹਿਲ ਦੀ ਬੰਦਰਗਾਹ ਡੈਲਟਾ ਵਿੱਚ ਹੋਣ ਕਰਕੇ ਡੈਲਟਾ ਪੁਲਿਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ।
ਵਿਦੇਸ਼ਾਂ ਤੋਂ ਦਰਾਮਦ ਹੁੰਦੇ ਤੇ ਬਾਹਰ ਬਰਾਮਦ ਕੀਤੇ ਜਾਂਦੇ ਸਾਮਾਨ ਉੱਤੇ ਨਜ਼ਰ ਰੱਖਣ ਦੀ ਜਿੰਮੇਵਾਰੀ ਡੈਲਟਾ ਪੁਲਿਸ ਨਿਭਾਉਂਦੀ ਹੈ। ਕਈ ਸਾਲਾਂ ਤੋਂ ਵੱਡੇ ਕੇਸਾਂ ਦੀ ਜਾਂਚ ਦਾ ਕੰਮ ਸਿੱਧੂ ਦੀ ਕਮਾਂਡ ਵਾਲੀ ਟੀਮ ਨੂੰ ਸੌਂਪਿਆ ਜਾਂਦਾ ਸੀ ਤੇ ਉਸਦੀ ਜਾਂਚ ’ਤੇ ਕਦੇ ਉਂਗਲ ਉੱਠਣ ਦੀ ਗੁੰਜਾਇਸ਼ ਪੈਦਾ ਨਹੀਂ ਹੋਈ।
ਪੁਲਿਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਉਸ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸ ਦੀ ਦੂਰਅੰਦੇਸ਼ ਤੇ ਕਮਾਂਡਰ ਵਾਲੀ ਸੋਚ ਅਤੇ ਵੱਖ ਵੱਖ ਤਬਜਬਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਡੈਲਟਾ ਪੁਲਿਸ ਦੇ ਮੁਖੀ ਬਣਨ ਵਾਲੇ ਅਕਸਰ ਬਾਹਰਲੇ ਖੇਤਰਾਂ ਤੋਂ ਹੁੰਦੇ ਸੀ, ਪਰ ਸਿੱਧੂ ਦੀ ਨਿਯੁਕਤੀ ਨਾਲ ਅੰਦਰੂਨੀ ਵਾਲਾ ਰਿਕਾਰਡ ਵੀ ਟੁੱਟ ਗਿਆ ਹੈ।