ਆਸਟ੍ਰੇਲੀਆ ‘ਚ ਪੜ੍ਹਾਈ ਦਾ ਸੁਪਨਾ ਦੇਖ ਰਹੇ ਭਾਰਤੀ ਵਿਦਿਆਰਥੀਆਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਆਸਟ੍ਰੇਲੀਆਈ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀਆਂ ਵੀਜ਼ਾ ਜ਼ਰੂਰਤਾਂ ਵਿੱਚ ਇੱਕ ਹੋਰ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ। ਐਂਥਨੀ ਅਲਬਾਨੀਜ਼ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਤਬਦੀਲੀਆਂ ਵਿੱਚ ਇਹ ਵਿਵਸਥਾ ਵੀ ਸ਼ਾਮਲ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਬੱਚਤ ਦਾ ਸਬੂਤ ਦਿਖਾਉਣਾ ਹੋਵੇਗਾ। ਇਹ ਰਕਮ ਘੱਟੋ-ਘੱਟ 29,710 ਆਸਟ੍ਰੇਲੀਅਨ ਡਾਲਰ ਹੋਣੀ ਚਾਹੀਦੀ ਹੈ।ਭਾਰਤੀ ਮੁਦਰਾ ਵਿੱਚ ਇਹ ਰਕਮ ਲਗਭਗ 16 ਲੱਖ 30 ਹਜ਼ਾਰ 735 ਰੁਪਏ ਹੈ, ਜੋ ਕਿ ਮੱਧ ਵਰਗ ਦੇ ਭਾਰਤੀ ਵਿਦਿਆਰਥੀਆਂ ਲਈ ਬਹੁਤ ਵੱਡੀ ਰਕਮ ਹੈ। ਦੱਸ ਦੇਈਏ ਕਿ ਆਸਟਰੇਲੀਆ ਨੇ ਪਿਛਲੇ ਸੱਤ ਮਹੀਨਿਆਂ ਵਿੱਚ ਦੂਜੀ ਵਾਰ ਇਹ ਰਕਮ ਵਧਾਈ ਹੈ।

    ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਸਰਕਾਰ ਨੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨੂੰ ਹੋਰ ਮੁਸ਼ਕਲ ਬਣਾਉਣ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਆਈਲੈਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ) ਦੇ ਸਕੋਰ ਵਧਾਉਣਾ ਵੀ ਸ਼ਾਮਲ ਹੈ। ਇਹ ਟੈਸਟ ਉਨ੍ਹਾਂ ਲੋਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਕਮਾਂਡ ਨੂੰ ਜਾਂਚਣ ਲਈ ਹੈ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈ। ਇਹ ਟੈਸਟ ਪਾਸ ਕਰਨਾ ਜ਼ਰੂਰੀ ਹੈ।

    ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆਈ ਸਰਕਾਰ ਪ੍ਰਵਾਸ ‘ਚ ਵਾਧੇ ਅਤੇ ਵਿਦਿਆਰਥੀ ਵੀਜ਼ਿਆਂ ਨੂੰ ਲੈ ਕੇ ਧੋਖਾਧੜੀ ਦੇ ਖਦਸ਼ਿਆਂ ਦੇ ਮੱਦੇਨਜ਼ਰ ਅਜਿਹੇ ਮੁਸ਼ਕਲ ਫੈਸਲੇ ਲੈ ਰਹੀ ਹੈ ਪਰ ਹਰ ਸਾਲ ਹੋਣ ਵਾਲੇ ਪਰਵਾਸ ਨੂੰ ਅੱਧਾ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਇਨ੍ਹਾਂ ਸਖ਼ਤ ਯਤਨਾਂ ਨੇ ਭਾਰਤ ਤੋਂ ਇੱਥੇ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।