ਬ੍ਰਿਟੇਨ ‘ਚ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ 23 ਸਾਲਾ ਪੰਜਾਬੀ ਡਰਾਈਵਰ ਦੀ ਹਤਿਆ ਦੇ ਦੋਸ਼ੀ ਪਾਏ ਜਾਣ ‘ਤੇ ਕੁੱਲ 122 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਅਗਸਤ ਵਿਚ, ਡਿਲੀਵਰੀ ਡਰਾਈਵਰ ਅਰਮਾਨ ਸਿੰਘ ‘ਤੇ ਕੁਹਾੜੀ, ਗੋਲਫ ਸਟਿੱਕ , ਲੱਕੜ ਦੀਆਂ ਸੋਟੀਆਂ, ਹਾਕੀ ਸਟਿੱਕ, ਬੇਲਚਾ, ਕ੍ਰਿਕਟ ਬੈਟ ਅਤੇ ਚਾਕੂ ਨਾਲ ਵਿਚ ਬੇਰਹਿਮੀ ਨਾਲ ਹਮਲਾ ਕਰਕੇ ਕਤਲ ਕਰ ਦਿਤਾ ਗਿਆ ਸੀ। ਵੈਸਟ ਮਰਸੀਆ ਪੁਲਿਸ ਨੇ ਬਾਅਦ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

    ਅਦਾਲਤ ਨੇ ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਨੂੰ ਘੱਟੋ ਘੱਟ 28-28 ਸਾਲ ਅਤੇ ਸੁਖਮਨਦੀਪ ਸਿੰਘ (ਜਿਸ ਨੇ ਅਰਮਾਨ ਸਿੰਘ ਬਾਰੇ ਚਾਰ ਲੋਕਾਂ ਨੂੰ ਜਾਣਕਾਰੀ ਭੇਜੀ ਸੀ) ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੁਲਿਸ ਨੇ ਕਿਹਾ ਸੀ ਕਿ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਿਸ ਤੋਂ ਪਤਾ ਲੱਗ ਸਕੇ ਕਿ ਅਰਮਾਨ ਸਿੰਘ ‘ਤੇ ਅਜਿਹੇ ਵਹਿਸ਼ੀਆਨਾ ਹਮਲੇ ਪਿੱਛੇ ਕੀ ਮਕਸਦ ਸੀ।

    ਵੈਸਟ ਮਰਸੀਆ ਪੁਲਿਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਮਾਰਕ ਬੇਲਾਮੀ ਨੇ ਕਿਹਾ ਕਿ ਪੰਜ ਦੋਸ਼ੀ ਖ਼ਤਰਨਾਕ ਸੁਭਾਅ ਦੇ ਹਨ ਅਤੇ ਹੁਣ ਹੋਰ ਕਿਸੇ ਨੁਕਸਾਨ ਪਹੁੰਚਾਉਣ ਵਿਚ ਅਸਮਰੱਥ ਹੋਣ ਦੇ ਨਾਲ ਜੇਲ੍ਹ ਵਿਚ ਸਮਾਂ ਕੱਟਣਗੇ। ਜਦੋਂ ਪਰਿਵਾਰ ਨੂੰ ਅਰਮਾਨ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਟੁੱਟ ਗਏ ਸਨ। ਮੇਰੀ ਸੰਵੇਦਨਾ ਉਨ੍ਹਾਂ ਦੇ ਨਾਲ ਹੈ। ਅੱਜ ਦੀ ਸਜ਼ਾ ਉਨ੍ਹਾਂ ਲੋਕਾਂ ਨੂੰ ਸਖ਼ਤ ਸੰਦੇਸ਼ ਦਿੰਦੀ ਹੈ ਜੋ ਸੋਚਦੇ ਹਨ ਕਿ ਉਹ ਅਪਰਾਧਾਂ ਤੋਂ ਬਚ ਸਕਦੇ ਹਨ।

    ਸਟੈਫੋਰਡ ਕ੍ਰਾਊਨ ਕੋਰਟ ਵਿਚ ਸਜ਼ਾ ਸੁਣਾਉਣ ਦੀ ਸੁਣਵਾਈ ਜੱਜ ਕ੍ਰਿਸਟੀਨਾ ਮੋਂਟਗੋਮਰੀ ਦੁਆਰਾ ਕੀਤੀ ਗਈ ਸੀ। ਇਹ ਫੈਸਲਾ ਪਿਛਲੇ ਮਹੀਨੇ ਇਸੇ ਅਦਾਲਤ ਵਿਚ ਛੇ ਹਫ਼ਤਿਆਂ ਦੀ ਸੁਣਵਾਈ ਦੇ ਅੰਤ ਵਿਚ ਪੰਜ ਲੋਕਾਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਇਆ ਹੈ। ਅਰਮਾਨ ਦੇ ਪਰਿਵਾਰ ਨੇ ਕਿਹਾ ਕਿ ਅਜਿਹਾ ਕੋਈ ਸ਼ਬਦ ਨਹੀਂ ਹੈ ਜੋ ਬਿਆਨ ਕਰ ਸਕੇ ਕਿ ਇਸ ਘਟਨਾ ਨੇ ਉਨ੍ਹਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਾਇਆ ਹੈ। ਪੁਲਿਸ ਰਾਹੀਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਅੱਜ ਇਕ ਮਾਂ ਅਪਣੇ ਪੁੱਤਰ ਤੋਂ ਬਿਨਾਂ ਬੁੱਢੀ ਹੋ ਜਾਵੇਗੀ। ਇਕ ਭੈਣ ਅਪਣੇ ਭਰਾ ਤੋਂ ਬਿਨਾਂ ਵੱਡੀ ਹੋਵੇਗੀ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਜੋ ਹੋਇਆ ਉਹ ਕਿਸੇ ਹੋਰ ਪਰਿਵਾਰ ਨਾਲ ਵਾਪਰੇ।