ਫਿਰੋਜ਼ਪੁਰ ( ਜਤਿੰਦਰ ਪਿੰਕਲ ) ਨੌਜਵਾਨ ਵਰਗ ਨੂੰ ਖੇਡ ਗਰਾਉਂਡਾਂ ਨਾਲ ਜੋੜਣ ਅਤੇ ਸਰੀਰਕ ਯੋਗਤਾ ਮੁਕਾਬਲੇ ਜਿੱਤਣ ਦੀ ਭਾਵਨਾ ਪੈਦਾ ਕਰਨ ਲਈ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋ ਪ੍ਰਧਾਨ ਡਾ. ਸੁਰਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ 2 ਰੋਜ਼ਾ ਜ਼ਿਲ੍ਹਾ ਪੱਧਰੀ ਕਰਾਸ ਕੰਟਰੀ ਮੁਕਾਬਲੇ ਅਤੇ ਐਥਲੈਟਿਕਸ ਮੀਟ 3 ਅਤੇ 4 ਦਸੰਬਰ ਨੂੰ ਕਰਵਾਏ ਜਾ ਰਹੇ ਹਨ । ਜਿਸ ਸੰਬੰਧੀ ਲੋੜੀਦੀਆਂ ਸਮੂਹ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਹ ਜਾਣਕਾਰੀ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਜਰਨਲ ਸੈਕਟਰੀ ਲੈਕਚਰਾਰ ਮਨਜੀਤ ਸਿੰਘ ਨੇ ਦਿੱਤੀ । ਉਹਨਾਂ ਦੱਸਿਆ ਕਿ ਐਸੋਸੀਏਸ਼ਨ ਵੱਲੋ ਸਲਾਨਾ ਮੁਕਾਬਲੇ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ 3 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਪਿੰਡ ਝੋਕ ਹਰੀ ਹਰ ਵਿਖੇ ਦਾਣਾ ਮੰਡੀ ਅੰਦਰ ਸ਼ੁਰੂ ਕਰਵਾਏ ਜਾਣਗੇ । ਜੋ ਸਾਬਕਾ ਸਰਪੰਚ ਸ. ਹਰੀ ਸਿੰਘ ਸੰਧੂ ਅਤੇ ਸਰਦਾਰਨੀ ਬੀਬਾ ਨਛੱਤਰ ਕੌਰ ਸੰਧੂ ਦੀ ਮਿੱਠੀ ਤੇ ਅਭੁੱਲ ਯਾਦ ਨੂੰ ਸਮਰਪਿਤ ਹੋਣਗੇ । ਉਹਨਾਂ ਦੱਸਿਆ ਕਿ ਜਿਲ੍ਹੇ ਭਰ ਵਿੱਚੋਂ 16, 18 ਅਤੇ 20 ਸਾਲ ਦੇ ਲੜਕੇ-ਲੜਕੀਆਂ ਕਰਾਸ ਕੰਟਰੀ ਮੁਕਾਬਲੀਆਂ ਵਿਚ ਭਾਗ ਲੈ ਸਕਣਗੇ । ਜਿੰਨ੍ਹਾਂ ਦੀਆਂ ਐਟਰੀਆਂ ਮੌਕੇ ਤੇ ਲਈਆਂ ਜਾਣਗੀਆਂ । ਉਹਨਾਂ ਦੱਸਿਆ ਕਿ 4 ਦਸੰਬਰ ਨੂੰ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਅੰਦਰ ਕਰਵਾਈ ਜਾਵੇਗੀ । ਜਿਸ ਦੀ ਸ਼ੁਰੂਆਤ ਸਵੇਰੇ 9 ਵਜੇ ਹੋਵੇਗੀ । ਲੈਕਚਰਾਰ ਮਨਜੀਤ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਮੁਕਾਬਲਿਆਂ ਵਿੱਚ 14 ਅਤੇ 16 ਸਾਲ ਦੇ ਲੜਕੇ – ਲੜਕੀਆਂ ਜ਼ਿਲ੍ਹੇ ਫਿਰੋਜ਼ਪੁਰ ਨਾਲ ਸਬੰਧਿਤ ਭਾਗ ਲੈ ਸਕਦੇ ਹਨ । ਉਹਨਾਂ ਦੱਸਿਆ ਕਿ ਕਰਾਸ ਕੰਟਰੀ ਵਿੱਚੋ ਜੇਤੂ ਖਿਡਾਰੀ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ ਅਤੇ ਐਥਲੈਟਿਕਸ ਮੁਕਾਬਲਿਆ ਵਿੱਚ ਜੇਤੂ 14 ਅਤੇ 16 ਸਾਲ ਦੇ ਲੜਕੇ-ਲੜਕੀਆਂ ਜਿਨ੍ਹਾਂ ਦੀ ਪ੍ਰਫੋਰਮੈਂਸ ਕਮਾਲ ਦੀ ਹੋਵੇਗੀ ਉਹ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ । ਉਹਨਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਜਨਮ ਸਬੂਤ ਨਾਲ ਲੈ ਕੇ ਆਉਣ । ਉਹਨਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਵਾਜਬ ਨਗਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ।