ਬਰਨਾਲਾ ‘ਚ ਦੋ ਦੋਸਤਾਂ ਨੇ ਮਿਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਰਨ ਤੋਂ ਪਹਿਲਾਂ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣਾ ਦਰਦ ਜ਼ਾਹਰ ਕੀਤਾ ਅਤੇ ਫਿਰ ਜ਼ਹਿਰੀਲੀ ਚੀਜ਼ ਖਾ ਕੇ ਮੌਤ ਨੂੰ ਗਲੇ ਲਾ ਲਿਆ। ਇਹ ਘਟਨਾ ਬਰਨਾਲਾ ਦੇ ਭਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਦੋਵਾਂ ਮ੍ਰਿਤਕਾਂ ਦੇ ਦੋਸਤਾਂ ਨੇ ਕੁਝ ਲੋਕਾਂ ‘ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਦੋਵੇਂ ਮ੍ਰਿਤਕ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਦੋਵੇਂ ਵਿਆਹੇ ਹੋਏ ਸਨ ਅਤੇ ਦੋ-ਦੋ ਬੱਚਿਆਂ ਦੇ ਪਿਤਾ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਵਿੱਚ ਭਦੌੜ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।   ਮ੍ਰਿਤਕ ਕੁਲਵਿੰਦਰ ਸਿੰਘ ਕਿੰਦਾ ਅਤੇ ਬਲਵੀਰ ਸਿੰਘ ਉਰਫ ਬੀਰਾ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਪੁਰਾਣੇ ਦੋਸਤ ਸਨ। ਦੋਵੇਂ ਇਕੱਠੇ ਖੇਤ ਵਿੱਚ ਗੱਡੀ ਕੋਲ ਚਲੇ ਗਏ। ਕਾਰ ‘ਚ ਬੈਠਦਿਆਂ ਹੀ ਦੋਵਾਂ ਨੇ ਸੋਸ਼ਲ ਮੀਡੀਆ (ਇੰਸਟਾਗ੍ਰਾਮ) ‘ਤੇ ਲਾਈਵ ਹੋ ਕੇ ਵੀਡੀਓ ਰਾਹੀਂ ਕੁਝ ਵਿਅਕਤੀਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਅਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਜਗਰੂਪ ਸਿੰਘ ਦਾ ਪੁੱਤਰ ਕੁਲਵਿੰਦਰ ਸਿੰਘ ਕਿੰਦਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਕੁਲਵਿੰਦਰ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਬਜ਼ੁਰਗ ਮਾਪਿਆਂ ਨੂੰ ਘਰ ਛੱਡ ਗਿਆ ਹੈ। ਇਸੇ ਤਰ੍ਹਾਂ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਨਛੱਤਰ ਸਿੰਘ ਵੀ ਗਰੀਬ ਪਰਿਵਾਰ ਦਾ ਲੜਕਾ ਸੀ। ਉਹ ਮਿਹਨਤ ਮਜ਼ਦੂਰੀ ਵੀ ਕਰਦਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਦੋ ਪੁੱਤਰ ਅਤੇ ਬਜ਼ੁਰਗ ਮਾਪੇ ਹਨ। ਇਸ ਘਟਨਾ ਕਾਰਨ ਜਿੱਥੇ ਪਿੰਡ ਵਿੱਚ ਸੋਗ ਹੈ, ਉੱਥੇ ਹੀ ਦੋਵੇਂ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਅਤੇ ਮਾਪਿਆਂ ਸਮੇਤ ਲੋਕ ਸਦਮੇ ਵਿੱਚ ਹਨ। ਥਾਣਾ ਭਦੌੜ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਦੋ ਵਿਅਕਤੀਆਂ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।