ਦਰਬਾਰ ਸ੍ਰੀ ਪਾਉਂਟਾ ਸਾਹਿਬ ਜੀ ਦਾ ਖੂਨੀ ਸ਼ਹੀਦੀ ਸਾਕਾ
22 ਮਈ ਸੰਨ 1964, ਦਿਨ ਮੰਗਲਵਾਰ, ਗਿਆਰਾ ਵਜੇ ਦਾ ਸਮਾਂ ਸੀ ਜਿਸ ਸਮੇਂ ਮਹੰਤ ਦੇ ਬੰਦੇ ਅਤੇ ਪੁਲਿਸ ਦੇ ਹਜ਼ਾਰਾਂ ਬੰਦਿਆ ਨੇ ਗੁਰਦੁਆਰਾ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਤੋਂ ਅੰਦਰ ਪ੍ਰਵੇਸ਼ ਕਰਨ ਦਾ ਯਤਨ ਕੀਤਾ। ਦਰਸ਼ਨੀ ਡਿਉੜੀ ਦੇ ਉੱਪਰਲੀ ਮੰਜ਼ਿਲ ‘ਤੇ ਨਾਲ ਲੱਗਦਾ ਇਕ ਕਮਰਾ ਸੀ, ਉਸ ਵਿਚ ਚਾਰ ਨਿਹੰਗ ਸਿੰਘਾਂ ਦਾ ਆਸਣ ਸੀ। ਸ੍ਰੀਮਾਨ ਦਇਆ ਸਿੰਘ, ਧਰਮ ਸਿੰਘ, ਰਣਤੋੜ ਸਿੰਘ ਤੇ ਮਾਖਾ ਸਿੰਘ ਸੀ। ਇੰਨ੍ਹਾਂ ਵਿਚੋਂ ਦਇਆ ਸਿੰਘ ਜੀ ਸ਼ਸਤਰ ਵਿੱਦਿਆ ਦੇ ਬਹੁਤ ਮਾਹਿਰ ਸਨ ਖਾਸ ਕਰਕੇ ਚੱਕਰ ਚਲਾਉਣ ਤੇ ਤੀਰ ਅੰਦਾਜ਼ੀ ਵਿਚ। ਜਦੋਂ ਪੁਲਿਸ ਨੇ ਗੁਰੂ ਘਰ ਉੱਤੇ ਧਾਵਾ ਬੋਲਿਆ ਤਾਂ ਪੱਥਰ, ਚੱਕਰ, ਤੀਰ ਆਦਿ ਚਲਾ ਕੇ ਉਨ੍ਹਾਂ ਚੌਹਾਂ ਸਿੰਘਾਂ ਨੇ ਪੁਲਿਸ ਨੂੰ ਕੁੱਝ ਮਿੰਟਾ ਲਈ ਰੋਕੀ ਰੱਖਿਆ। ਇੰਨੇ ਸਮੇਂ ਵਿਚ ਕੁੱਝ ਸਿੰਘ ਲੰਗਰ ਵਾਲੇ ਪਾਸਿਉਂ ਤੇ ਕੁਝ ਸਿੰਘ ਦੂਜੇ ਪਾਸੇ ਤੋਂ ਦਰਬਾਰ ਅੰਦਰ ਪਹੁੰਚ ਗਏ। ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਤੇਈਵੇਂ ਸ੍ਰੀ ਅਖੰਡ ਪਾਠ ਚਲ ਰਹੇ ਸਨ ਅਤੇ ਮਾਝ ਰਾਗ ਦੀ ਗੁਰਬਾਣੀ ਪੜ੍ਹੀ ਜਾ ਰਹੀ ਸੀ। 11 ਵਜੇ ਦਾ ਸਮਾਂ ਸੀ, ਦਰਬਾਰ ਸਾਹਿਬ ਤੋਂ ਬਾਹਰ ਜਿਹੜੇ ਸਿੰਘ ਸਨ, ਕੋਈ ਬੈਠਾ ਗੁਰਬਾਣੀ ਪੜ੍ਹ ਰਿਹਾ ਸੀ, ਕੋਈ ਘੋੜਿਆਂ ਨੂੰ ਜਲ ਛਕਾ ਰਿਹਾ ਸੀ, ਲੰਗਰ ਦਾ ਨਗਾਰਾ ਵੱਜ ਚੁੱਕਾ ਸੀ, ਕੋਈ ਸਿੰਘ ਲੰਗਰ ਛਕਣ ਲੰਗਰ ਹਾਲ ਵੱਲ ਜਾ ਰਿਹਾ ਸੀ ਪਰ ਅਜੇ ਲੰਗਰ ਛਕਿਆ ਨਹੀਂ ਸੀ। ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਦਾ ਅਚਨਚੇਤ ਛਾਪਾ ਪਿਆ। ਇਕ-ਇਕ ਸਿੰਘ ‘ਤੇ ਵੀਹ-ਵੀਹ ਸਿਪਾਹੀ ਟੁੱਟ ਕੇ ਪੈ ਗਏ। ਬਾਹਰਲੇ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰ ਦਰਬਾਰ ਸਾਹਿਬ ਨੂੰ ਚਾਰ-ਚੁਫੇਰਿਓਂ ਪੁਲਿਸ ਨੇ ਘੇਰ ਲਿਆ ਅਤੇ ਡਿਉੜੀ ਤੋਂ ਬਾਹਰ ਇਕ ਬੱਸ ਦੇ ਉੱਪਰ ਸਪੀਕਰ ਬੰਨ੍ਹਿਆ ਹੋਇਆ ਸੀ। ਲਾਉਡ ਸਪੀਕਰ ਰਾਹੀਂ ਡੀ.ਸੀ. ਆਰ.ਕੇ. ਚੰਡੇਲ ਨੇ ਅਨਾਉਂਸਮੈਂਟ ਕੀਤੀ ਕਿ ਦਰਬਾਰ ਦੇ ਅੰਦਰਲੇ ਸਾਰੇ ਸਿੰਘ ਬਾਹਰ ਆ ਜਾਓ| ਨਾ ਹੀ ਕਿਸੇ ਨੇ ਬਾਹਰ ਜਾਣਾ ਸੀ. ਨਾ ਹੀ ਕੋਈ ਗਿਆ। ਫਿਰ ਪੁਲਿਸ ਨੇ ਵੀਹ-ਵੀਹ ਫੁੱਟ ਦੇ ਲੋਹੇ ਦੇ ਪਾਈਪ ਲੈ ਕੇ ਦਰਬਾਰ ਸਾਹਿਬ ਦਾ ਮੇਨ ਦਰਵਾਜ਼ਾ ਅਤੇ ਬਾਕੀ ਦੇ ਦਰਵਾਜ਼ੇ-ਬਾਰੀਆਂ ਤਿੰਨ-ਤਿੰਨ, ਚਾਰ-ਚਾਰ ਬੰਦਿਆਂ ਨੇ ਪਾਈਪ ਮਾਰ-ਮਾਰ ਕੇ ਤੋੜ ਦਿੱਤੇ। ਫਿਰ ਇਕ ਵਾਰੀ ਡੀ.ਸੀ. ਨੇ ਸਪੀਕਰ ਰਾਹੀਂ ਅਨਾਉਂਸਮੈਂਟ ਕੀਤੀ ਕਿ ਅਖੰਡ ਪਾਠ ਬੰਦ ਕਰਕੇ ਬਾਹਰ ਆ ਕੇ ਗਿਫ਼ਤਾਰੀਆਂ ਦੇ ਦਿਓ ਨਹੀਂ ਤਾਂ ਅਸੀਂ ਗੋਲੀ ਚਲਾਵਾਂਗੇ। ਸਾਰੇ ਸਿੰਘ ਅੰਦਰੋਂ ਸ਼ਹੀਦੀ ਜਾਮ ਪੀਣ ਲਈ ਕਾਹਲੇ ਪੂਰੇ ਬੀਰ ਰਸ ਵਿਚ ਆ ਕੇ ਜੈਕਾਰੇ ਗਜਾ ਰਹੇ ਸਨ। ਇਕ ਵਾਰ ਫਿਰ ਡੀ.ਸੀ. ਨੇ ਸਪੀਕਰ ਰਾਹੀਂ ਅਨਾਉਂਸਮੈਂਟ ਕੀਤੀ, ਬਾਰਾ ਖੜ੍ਹੀਆਂ ਕਰਕੇ ਗ੍ਰਿਫ਼ਤਾਰੀਆਂ ਦੇ ਦਿਓ ਨਹੀਂ ਤਾਂ ਅਸੀਂ ਗੋਲੀ ਨਾਲ ਸ਼ੂਟ ਕਰਾਂਗੇ। ਕਿਸੇ ਸਿੰਘ ਦਾ ਬਾਹਾਂ ਖੜੀਆਂ ਕਰਕੇ ਬਾਹਰ ਜਾਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਸੀ। ਬਸ ਫਿਰ ਪੰਜ ਮਿੰਟ ਮਗਰੋਂ ਡੀ.ਸੀ. ਆਰ ਕੇ ਚੰਡੇਲ ਨੇ ਗੋਲੀ ਸ਼ੂਟ ਦਾ ਪੁਲਿਸ ਨੂੰ ਆਰਡਰ ਦੇ ਦਿੱਤਾ ਤੇ ਅੰਧਾ-ਧੁੰਦ ਗੋਲੀਆ ਦਾ ਮੀਂਹ ਵਰਣ ਲੱਗ ਪਿਆ। ਉਸ ਵੇਲੇ ਸ੍ਰੀਮਾਨ ਭਾਈ ਸਾਹਿਬ ਹਰਭਜਨ ਸਿੰਘ ਜੀ (ਪਿੰਡ ਚੋਹੜਾ, ਹੁਸ਼ਿਆਰਪੁਰ) ਨਿਹੰਗ ਸਿੰਘ, ਜੋ ਗੁਰੂ ਸਾਹਿਬ ਜੀ ਦੀ ਤਾਬਿਆ ਵਿਚ ਬੈਠੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਰੋਲ ਲਾ ਰਹੇ ਸਨ। ਮਾਝ ਰਾਗ ਦੀ ਗੁਰਬਾਣੀ ਪੜ੍ਹੀ ਜਾਂ ਰਹੀ ਸੀ। ਦਿਨ ਦੇ 3.30 ਵਜੇ ਦਾ ਸਮਾਂ ਸੀ। ਭਾਈ ਸਾਹਿਬ ਦੀ ਛਾਤੀ ਵਿਚ ਗੋਲੀ ਵੱਜੀ ਤੇ ਉਹ ਗੁਰੂ ਸਾਹਿਬ ਜੀ ਦੀ ਗੋਦ ਵਿਚ ਹੀ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੇ ਪਾਸ ਹੀ ਬੈਠੇ ਹੋਰ ਸਤਿਕਾਰ ਯੋਗ ਮਹਾਨ ਵਿਦਵਾਨ ਆਦਿ ਦਸਮ ਗੁਰਬਾਣੀ ਦੇ ਕਥਾ ਵਾਚਕ ਸਫਲ ਵਿਆਖਿਆਕਾਰ ਸ਼੍ਰੀਮਾਨ ਬਾਬਾ ਧੰਨਾ ਸਿੰਘ ਜੀ ਫਰੂਲੇ ਵਾਲੇ (ਪਿੰਡ ਭਦੌੜ, ਸੰਗਰੂਰ) ਨਿਹੰਗ ਸਿੰਘ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਅਖੰਡ ਰੱਖਣ ਲਈ ਉਥੋਂ ਪੰਗਤੀ ਪੜ੍ਹਣੀ ਸ਼ੁਰੂ ਕਰ ਦਿੱਤੀ, ਜੋ ਭਾਈ ਹਰਭਜਨ ਸਿੰਘ ਜੀ ਸ਼ਹੀਦੀ ਸਮੇਂ ਪੜ੍ਹ ਰਹੇ ਸਨ। ਗੋਲੀਆਂ ਦਾ ਮੀਂਹ ਵਰ੍ਹ ਰਿਹਾ ਸੀ। ਦੇਖਦਿਆਂ ਹੀ ਦੇਖਦਿਆ ਦੂਜੀ ਗੋਲੀ ਬਾਬਾ ਧੰਨਾ ਸਿੰਘ ਜੀ ਦੀ ਜੀ ਸੱਜੀ ਵੱਖੀ ਵਿੱਚ ਲੱਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਉੱਪਰ ਹੀ ਸੀਸ ਰੱਖ ਕੇ ਸ਼ਹੀਦ ਹੋ ਗਏ। ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਵੀ ਕਈ ਗੋਲੀਆਂ ਲੱਗੀਆਂ ਅਤੇ ਸ਼ਹੀਦ ਸਿੰਘਾਂ ਦੇ ਖੂਨ ਨਾਲ ਲੱਥ-ਪੱਥ ਹੋ ਗਏ। ਦਾਸ (ਨਿਹਾਲ ਸਿੰਘ ਸਤਿਗੁਰ ਜੀ ਦੀ ਹਜ਼ੂਰੀ ਵਿਚ ਸਤਿਗੁਰ ਜੀ ਨੇ ਚੋਰ ਝੁਲਾ ਰਿਹਾ ਸੀ। ਤਾੜ-ਤਾੜ ਚਲ ਰਹੀਆਂ ਗੋਲੀਆ ਵਿਚੋਂ ਇਕ ਮੇਰੇ ਖੱਬੇ ਹੱਥ ਉੱਤੇ, ਇਕ ਗੋਲੀ ਮੇਰੀ ਖੱਬੀ ਬਾਂਹ ਦੇ ਡੌਲੇ ‘ਤੇ, ਇਕ ਗੋਲੀ ਮੇਰੇ ਖੱਬੇ ਪੱਟ ਵਿਚ ਤੇ ਇਕ ਗੋਲੀ ਮੇਰੀ ਖੱਬੀ ਵੱਖੀ ਵਿਚ ਵੱਜੀ ਤੇ ਮੈਂ ਵੀ ਗੁਰੂ ਸਾਹਿਬ ਦੇ ਚਰਨਾਂ ਵਿਚ ਡਿੱਗ ਪਿਆ। ਮਹੰਤ ਦੀ ਮਿਲੀਭੁਗਤ ਨਾਲ ਪੁਲਿਸ ਵੱਲੋਂ ਚਲਾਈਆਂ ਜਾ ਰਹੀਆਂ ਅੰਧਾ-ਧੁੰਧ ਗੋਲੀਆਂ ਦੀ ਬੁਛਾੜ ਨਾਲ ਐਠ-ਦਸ ਮਿੰਟ ਵਿਚ ਹੀ ਗਿਆਰਾਂ ਨਿਹੰਗ ਸਿੰਘ ਗੁਰੂ ਕੀ ਲਾਡਲੀ ਫ਼ੌਜ ਦਰਬਾਰ ਸ੍ਰੀ ਪਾਉਂਟਾ ਸਾਹਿਬ (੧੦ਵੀਂ ਪਾਤਸ਼ਾਹੀ) ਨੂੰ ਪਤਿਤ ਮਹੰਤਾਂ ਪਾਸੋਂ ਆਜ਼ਾਦ ਕਰਵਾਉਣ ਤੇ ਗੁਰ-ਮਰਿਆਦਾ ਤੇ ਪਵਿੱਤਰਤਾ ਨੂੰ ਕਾਇਮ ਕਰਨ ਤੇ ਚਲ ਰਹੀ ੧੦੧ ਸ੍ਰੀ ਅਖੰਡ ਪਾਠਾਂ ਦੀ ਲੜੀ ਨੂੰ ਅਖੰਡ ਰੱਖਣ ਲਈ ਸ਼ਹੀਦੀਆਂ ਪ੍ਰਾਪਤ ਕਰਕੇ ਸਰਬੰਸ ਦਾਨੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਚਖੰਡ ਜਾ ਬਿਰਾਜੇ ਅਤੇ ਤਿੰਨ ਸਿੰਘ ਸਖ਼ਤ ਜ਼ਖ਼ਮੀ ਹੋ ਗਏ। ਨਿਹਾਲ ਸਿੰਘ ਤੇ ਸ੍ਰੀਮਾਨ ਮਾਸਟਰ ਅਜੀਤ ਸਿੰਘ ਜੀ ਹੁਸ਼ਿਆਰਪੁਰ ਜਿਨ੍ਹਾਂ ਦਾ ਪਿਛਲਾ ਪਿੰਡ ਬੋਹਣ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ ਸੀ, ਉਸ ਸਮੇਂ ਉਨ੍ਹਾਂ ਦੀ ਉਮਰ ਸਤਾਰਾਂ ਸਾਲ ਦੀ ਸੀ, ਸ੍ਰੀ ਜਪੁਜੀ ਸਾਹਿਬ ਦੀ ਰੋਲ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਾਲ ਜਪੁਜੀ ਸਾਹਿਬ ਪੜ੍ਹ ਰਹੇ ਸਨ। ਉਨ੍ਹਾਂ ਦੇ ਚੁਲੇ ਵਿਚ ਗੋਲੀ ਲੱਗ ਕੇ ਮੋਟੇ ਹੱਡ ਵਿੱਚ ਉਤਰ ਗਈ ਤੇ ਸਖ਼ਤ ਜ਼ਖ਼ਮੀ ਹੋ ਕੇ ਡਿੱਗ ਪਏ ਸਨ। ਬਾਬਾ ਗੁਰਬਚਨ ਸਿੰਘ ਜੀ ਨਿਹੰਗ ਸਿੰਘ ਪਿੰਡ ਘਾਗੋਂ ਰੋੜਾਂ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਇਨਾਂ ਦੇ ਦੋ ਗੋਲੀਆਂ ਲੱਗੀਆਂ ਅਤੇ ਇਹ ਜ਼ਖ਼ਮੀ ਹੋ ਕੇ ਡਿੱਗ ਪਏ। ਸਾਰਿਆਂ ਸਿੰਘਾਂ ਵਿਚੋਂ ਕੋਈ ਵੀ ਡੋਲਿਆ ਜਾਂ ਡਰਿਆ ਨਹੀਂ। ਬੜੇ ਚਾਓ ਨਾਲ ਜੈਕਾਰੇ ਗਜਾਉਂਦਿਆਂ-ਗਜਾਉਂਦਿਆਂ ਸ਼ਹੀਦੀ ਜਾਮ ਪੀ ਗਏ। ਸੋ ਇਸ ਪ੍ਰਕਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਨਿਹੰਗ ਸਿੰਘਾਂ ਦੀ ਜਥੇਬੰਦੀ ਨੇ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਹਰਿਭਜਨ ਸਿੰਘ ਜੀ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਆਪਣੇ ਸਰੀਰਾਂ ਦੀਆਂ ਅਹੁਤੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆ। ਗਿਆਰਾ ਸੂਰਬੀਰ ਬਹਾਦਰ ਸਤਿਗੁਰੂ ਜੀ ਦੀ ਲਾਡਲੀ ਭੇਜ ਦੇ ਨਿਹੰਗ ਸਿੰਘਾਂ ਨੇ ਆਪਣੇ ਪਵਿੱਤਰ ਖੂਨ ਨਾਲ ਸਤਿਗੁਰੂ ਜੀ ਦੇ ਦਰਬਾਰ ਦੇ ਇਸ਼ਨਾਨ ਕਰਵਾ ਕੇ ਗੁਰੂ ਘਰ ਦੀ ਪਵਿੱਤਰਤਾ ਤੇ ਗੁਰ ਮਰਿਆਦਾ ਨੂੰ ਬਹਾਲ ਕਰਕੇ ਜਾਨੀ ਤੇ ਮਾਲੀ ਭਾਰੀ ਕੀਮਤ ਚੁੱਕਾ ਕੇ ਪਤਿਤ ਮਹੰਤਾਂ ਪਾਸੋਂ ਅਜ਼ਾਦ ਕਰਾ ਕੇ ਉੱਥੋਂ ਦਾ ਪ੍ਰਬੰਧ ਗੁਰੂ ਖਾਲਸਾ ਪੰਥ ਦੇ ਹੱਥਾਂ ਵਿਚ ਸੌਂਪਿਆ। ਹਰ ਸਾਲ ਦੀ ਤਰ੍ਹਾਂ ਗਿਆਰਾਂ ਮਹਾਨ ਸ਼ਹੀਦ ਸਿੰਘਾਂ ਦੀ ਪਾਵਨ ਮਿੱਠੀ ਯਾਦ ਸਮਰਪਿਤ 20 ਮਈ ਨੂੰ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ, ਭੁੰਗਰਨੀ (ਹਿ. ਪ੍ਰ.) 22 ਮਈ 2025 ਨੂੰ ਦਰਬਾਰ ਸ੍ਰੀ ਪਾਉਂਟਾ ਸਾਹਿਬ ਜੀ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜੱਥੇਦਾਰ ਸਿੰਘ ਸਾਹਿਬ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 23 ਮਈ ਨੂੰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਦੇਖ ਰੇਖ ਵਿੱਚ ਮਹਾਨ ਸ਼ਹੀਦੀ ਗੁਰਮਤਿ ਸਮਾਗਮਾਂ ਦਾ ਆਯੋਜਨ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਿੱਥੇ ਕਿ ਸ਼ਹੀਦ ਸਿੰਘਾਂ ਨੂੰ ਸਿੱਖ ਕੌਮ ਦੀਆਂ ਨਾਮਵਰ ਪੰਥਕ ਸ਼ਖਸ਼ੀਅਤਾਂ ਸਮਾਗਮ ਵਿੱਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।
ਲੇਖਕ-ਰਣਧੀਰ ਸਿੰਘ ਸੰਭਲ (ਯੂ.ਕੇ.)