ਮੁੰਬਈ : ਹਵਾਈ ਜਹਾਜ਼ਾਂ ਦੀ ਕਮੀ ਦੇ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ ਇਸ ਸਾਲ ਨਵੰਬਰ-ਦਸੰਬਰ ’ਚ ਏਅਰ ਇੰਡੀਆ ਦੀਆਂ ਲਗਪਗ 60 ਉਡਾਣਾਂ ਰੱਦ ਰਹਿਣਗੀਆਂ। ਜਿਨ੍ਹਾਂ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ’ਚ ਸਾਨ ਫ੍ਰਾਂਸਿਸਕੋ ਤੇ ਸ਼ਿਕਾਗੋ ਲਈ ਉਡਾਣਾਂ ਸ਼ਾਮਲ ਹਨ।
ਏਅਰ ਇੰਡੀਆ ਨੇ ਇਕ ਬਿਆਨ ਜਾਰੀ ਕਰ ਕੇ ਕੁਝ ਉਡਾਣਾਂ ਰੱਦ ਕਰਨ ਦੀ ਗੱਲ ਤਾਂ ਕਹੀ, ਪਰ ਉਨ੍ਹਾਂ ਦੀ ਸਹੀ ਗਿਣਤੀ ਤੇ ਮੰਜ਼ਿਲਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ। ਪਰ ਸੂਤਰਾਂ ਨੇ ਕਿਹਾ ਕਿ ਸਾਨ ਫ੍ਰਾਂਸਿਸਕੋ, ਵਾਸ਼ਿੰਗਟਨ, ਸ਼ਿਕਾਗੋ, ਨੇਵਾਰਕ ਤੇ ਨਿਊਯਾਰਕ ਲਈ 15 ਨਵੰਬਰ ਤੋਂ 31 ਦਸੰਬਰ ਤੱਕ ਲਗਪਗ 60 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਇਨ੍ਹਾਂ ’ਚ ਦਿੱਲੀ-ਸ਼ਿਕਾਗੋ ਵਿਚਾਲੇ 14 ਉਡਾਣਾਂ, ਦਿੱਲੀ-ਸਾਨ ਫ੍ਰਾਂਸਿਸਕੋ ਦਰਮਿਆਨ 12 ਉਡਾਣਾਂ, ਮੁੰਬਈ-ਨਿਊਯਾਰਕ ਵਿਚਾਲੇ ਚਾਰ ਉਡਾਣਾਂ ਤੇ ਦਿੱਲੀ-ਨੇਵਾਰਕ ਵਿਚਾਲੇ ਦੋ ਉਡਾਣਾਂ ਸ਼ਾਮਲ ਹਨ।
ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਨੂੰ ਰੱਖਰਖਾਅ ਲਈ ਐੱਮਆਰਓ (ਮੇਂਟੀਨੈਂਸ, ਰੀਪੇਅਰ, ਓਵਰਹਾਲ) ਆਪ੍ਰੇਟਰ ਤੋਂ ਜ਼ਹਾਜ਼ ਮਿਲਣ ’ਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਇਲਾਵਾ ਇਸਦੇ ਕੁਝ ਵਾਈਡ-ਬਾਡੀ ਜਹਾਜ਼ ਤਕਨੀਕੀ ਸਮੱਸਿਆਵਾਂ ਕਾਰਨ ਜ਼ਮੀਨ ’ਤੇ ਹਨ। ਇਸਕਾਰਨ ਜਹਾਜ਼ਾਂ ਦੀ ਕਮੀ ਹੋ ਗਈ ਹੈ ਤੇ ਉਡਾਣਾਂ ਰੱਦ ਹੋ ਰਹੀਆਂ ਹਨ।