ਦਿੱਲੀ ਗੁਰਦੁਆਰਾ ਕਮੇਟੀ ਦੇ ਸਮੇਂ ਸਿਰ ਦਖਲ ਦੀ ਬਦੌਲਤ ਸਰਨਾ ਪਾਰਟੀ ਦਾ ਨਾਂ ਕੱਟਿਆ
ਨਵੀਂ ਦਿੱਲੀ : ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸਰਦਾਰ ਪਰਮਜੀਤ ਸਿੰਘ ਚੰਢੋਕ ਨੇ ਦੱਸਿਆ ਕਿ ਸਰਨਾ ਭਰਾਵਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਰਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਭੇਜਣ ਵਾਲਿਆਂ ਦੀ ਸੂਚੀ ਵਿਚ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਨਾਂ ਪੁਆ ਦਿੱਤਾ ਸੀ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੇਂ ਸਿਰ ਦਖਲ ਦੀ ਬਦੌਲਤ ਹੁਣ ਕੱਟਿਆ ਗਿਆ ਹੈ।
ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਚੰਢੋਕ ਨੇ ਦੱਸਿਆ ਕਿ ਹਰ ਸਾਲ ਗੁਰਪੁਰਬ ’ਤੇ ਨਵੰਬਰ ਮਹੀਨੇ ਵਿਚ ਪਾਕਿਸਤਾਨ ਵਿੱਖੇ 3000 ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਜੱਥੇ ਲਈ ਹਰ ਸਟੇਟ ਦਾ ਆਪਣਾ ਕੋਟਾ ਹੁੰਦਾ ਹੈ। ਦਿੱਲੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 480 ਸ਼ਰਧਾਲੂਆਂ ਤੇ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਕੋਲ 75 ਸ਼ਰਧਾਲੂਆਂ ਦਾ ਕੋਟਾ ਹੈ ਜੋ ਕਿ 14.12.1990 ਨੂੰ ਦਿੱਲੀ ਹਾਈ ਕੋਰਟ ਦੇ ਫੈਸਲੇ ਦੇ ਮੁਤਾਬਕ ਹੈ।
ਉਹਨਾਂ ਦੱਸਿਆ ਕਿ ਇਸ ਵਾਰ ਜਦੋਂ ਜੱਥੇ ਭੇਜਣ ਵਾਲੀ ਚਿੱਠੀ ਆਈ ਤਾਂ ਉਸ ਵਿਚ ਹੈਰਾਨੀਜਨਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ, ਦਾ ਨਾਂ ਵੀ ਸ਼ਾਮਲ ਸੀ, ਜੋ ਕਿ ਸਰਨਾ ਭਰਾਵਾਂ ਦੀ ਪਾਰਟੀ ਹੈ ਤੇ ਇਸ ਵੇਲੇ ਅਕਾਲੀ ਦਲ ਬਾਦਲ ਵਿਚ ਇਸਦਾ ਰਲੇਵਾਂ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਸਰਨਾ ਭਰਾਵਾਂ ਨੇ ਕੇਜਰੀਵਾਲ ਨਾਲ ਰਲ ਕੇ ਇਹ ਸਾਜ਼ਿਸ਼ ਰਚੀ ਤੇ ਆਪਣੀ ਪਾਰਟੀ ਦੇ ਨਾਂ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਕੋਟੇ ਵਿਚੋਂ 325 ਸ਼ਰਧਾਲੂਆਂ ਦੀ ਸੂਚੀ ਤਿਆਰ ਕਰ ਲਈ।
ਉਹਨਾਂ ਦੱਸਿਆ ਕਿ ਪਾਕਿਸਤਾਨ ਅੰਬੈਸੀ ਨੇ ਸਿਰਫ ਨਿਯਮਾਂ ਮੁਤਾਬਕ ਹੀ ਜੱਥੇ ਦੀ ਸੂਚੀ ਲੈਣ ਦੀ ਗੱਲ ਆਖੀ ਕਿਉਂਕਿ ਸਿਰਫ ਕੇਂਦਰ ਸਰਕਾਰ ਹੀ ਪ੍ਰਵਾਨਤ ਸੂਚੀ ਦਿੰਦੀ ਹੈ।
ਜਦੋਂ ਇਸ ਮਾਮਲੇ ਦਾ ਪਤਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੂੰ ਲੱਗਾ ਤਾਂ ਉਹਨਾਂ ਤੁਰੰਤ ਉਪ ਰਾਜਪਾਲ ਕੋਲ ਇਸਦੀ ਸ਼ਿਕਾਇਤ ਭੇਜੀ ਜਿਸਦੇ ਨਾਲ ਹਾਈ ਕੋਰਟ ਦੇ ਫੈਸਲੇ ਦੀ ਕਾਪੀ ਵੀ ਭੇਜੀ ਤੇ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਕੋਟੇ ਬਾਰੇ ਵੀ ਦੱਸਿਆ। ਇਸ ’ਤੇ ਉਪ ਰਾਜਪਾਲ ਨੇ ਤੁਰੰਤ ਗ੍ਰਹਿ ਵਿਭਾਗ, ਦਿੱਲੀ ਸਰਕਾਰ ਨੂੰ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਹੀ ਕਾਰਵਾਈ ਦੇ ਆਦੇਸ਼ ਦਿੱਤੇ ਤੇ ਸਰਨਾ ਭਰਾਵਾਂ ਦੀ ਪਾਰਟੀ ਦਾ ਨਾਂ ਸੂਚੀ ਵਿਚੋਂ ਕੱਟਿਆ ਗਿਆ ਹੈ।
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਰਨਾ ਭਰਾਵਾਂ ਦੀਆਂ ਚਲਾਕੀਆਂ ਤੋਂ ਚੌਕਸ ਰਹਿਣ ਤੇ ਕਿਹਾ ਕਿ ਜੱਥੇ ਭੇਜਣ ਵਾਸਤੇ ਦਿੱਲੀ ਵਿਚ ਸਿਰਫ ਤੇ ਸਿਰਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਆਫ ਇੰਡੀਆ ਨੂੰ ਹੀ ਅਧਿਕਾਰ ਹਨ ਤੇ ਇਸ ਲਈ ਇਹਨਾਂ ਨਾਲ ਹੀ ਸੰਪਰਕ ਰੱਖਿਆ ਜਾਵੇ।