ਸਰਨਾ ਨੇ ਕਬੂਲਿਆ ਕਿ ਉਹਨਾਂ ਕਮਲਨਾਥ ਦੇ ਖਿਲਾਫ ਕੇਸ ਨਹੀਂ ਲੜਿਆ ਤੇ 1984 ਦੇ ਕੇਸ ਵੀ 2007 ਤੋਂ ਬਾਅਦ ਨਹੀਂ ਲੜੇ: ਕਾਲਕਾ, ਕਾਹਲੋਂ

    ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਮੱਧ ਪ੍ਰਦੇਸ਼ ਵਿਚ ਚਲ ਰਹੀਆਂ ਚੋਣਾਂ ਵਿਚ ਕਾਂਗਰਸੀ ਆਗੂ ਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਦੀ ਮਦਦ ਕਰਨ ਵਾਸਤੇ ਅੱਜ ਜਾਣ ਬੁੱਝ ਕੇ ਇਕ ਇੰਟਰਵਿਊ ਦਿੱਤੀ ਹੈ ਤਾਂ ਜੋ ਕਮਲਨਾਥ ਨੂੰ ਲਾਭ ਮਿਲ ਸਕੇ ਤੇ ਉਹ ਮੁੜ ਮੁੱਖ ਮੰਤਰੀ ਬਣ ਸਕੇ।

    ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਸਰਨਾ ਅੱਜ ਵੀ ਕਮਲਨਾਥ ਦੇ ਹੱਕ ਵਿਚ ਬਿਆਨਬਾਜ਼ੀ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਹਨਾਂ ਨੇ ਹੀ ਕਮਲਨਾਥ ਖਿਲਾਫ ਕੇਸ ਨਾ ਲੜਨ ਦੀ ਹਦਾਇਤ ਕੀਤੀ ਸੀ। ਉਹਨਾਂ ਕਿਹਾ ਕਿ ਇਸਦਾ ਸਿੱਧਾ ਮਕਸਦ ਕਮਲਨਾਥ ਨੂੰ ਚੋਣਾਂ ਵਿਚ ਲਾਹਾ ਦੁਆਉਣਾ ਹੈ।

    ਦੋਵਾਂ ਆਗੂਆਂ ਨੇ ਕਿਹਾ ਕਿ ਦੋਵੇਂ ਸਰਨਾ ਭਰਾ ਹਮੇਸ਼ਾ ਹੀ ਕਾਂਗਰਸ ਨੂੰ ਖੁਸ਼ਾਮਦ ਕਰਨ ਵਿਚ ਲੱਗੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਰਨਾ ਨੇ ਆਪ ਕਬੂਲਿਆ ਹੈ ਕਿ 2007 ਤੋਂ ਬਾਅਦ ਉਹਨਾਂ 1984 ਦੇ ਸਿੱਖ ਕਤਲੇਆਮ ਦਾ ਕੋਈ ਕੇਸ ਨਹੀਂ ਲੜਿਆ। ਉਹਨਾਂ ਕਿਹਾ ਕਿ 2004 ਵਿਚ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿਚ ਆ ਗਈ ਸੀ ਤੇ ਉਸ ਸਰਕਾਰ ਤੋਂ ਕੰਮ ਲੈਣ ਵਾਸਤੇ ਸਰਨਾ ਭਰਾਵਾਂ ਨੇ ਕੇਸ ਲੜਨੇ ਛੱਡ ਦਿੱਤੇ ਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ। ਉਹਨਾਂ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਕੇਸ ਮੁਢਲੇ ਪੜਾਵਾਂ ’ਤੇ ਸਨ ਤੇ ਇਹਨਾਂ ਦੀ ਪੈਰਵੀ ਕਰਨੀ ਬਹੁਤ ਜ਼ਰੂਰੀ ਸੀ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਨਾ ਤਾਂ ਕੋਈ ਵਕੀਲ ਹੀ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਾਸਤੇ ਲਗਾਇਆ ਗਿਆ ਤੇ ਨਾ ਹੀ ਅਜਿਹੇ ਵਕੀਲ ਬਾਰੇ ਕਦੇ ਗੱਲ ਕੀਤੀ ਗਈ।

    ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਸੱਜਣ ਕੁਮਾਰ ਦੇ ਕੇਸ ਵਿਚ ਚੰਗਾ ਵਕੀਲ ਲਗਾਉਣ ਦੀ ਅਪੀਲ ਕੀਤੀ ਸੀ ਤੇ ਉਹਨਾਂ ਨੇ ਤੁਰੰਤ ਹੀ ਇਕ ਵੱਡੇ ਵਕੀਲ ਨੂੰ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਹਨਾਂ ਮੁੜ ਦੁਹਰਾਇਆ ਕਿ ਸੱਜਣ ਕੁਮਾਰ ਦੇ ਕੇਸ ਵਿਚ ਕਿਸੇ ਵੀ ਤਰੀਕੇ ਦੀ ਢਿੱਲ ਮੱਠ ਨਹੀਂ ਹੋਣ ਦਿੱਤੀ ਜਾਵੇਗੀ ਭਾਵੇਂ ਕਿ ਕੇਸ ਸੀ ਬੀ ਆਈ ਤੇ ਸੱਜਣ ਕੁਮਾਰ ਵਿਚਾਲੇ ਹੈ ਪਰ ਦਿੱਲੀ ਗੁਰਦੁਆਰਾ ਕਮੇਟੀ ਦੀ ਕੇਸ ’ਤੇ ਪੂਰੀ ਨਜ਼ਰ ਹੈ।

    ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਸਰਨਾ ਵੱਲੋਂ ਕਮਲਨਾਥ ਦੇ ਕੇਸ ਵਿਚ ਆਪਣੀ ਭੂਮਿਕਾ ਤੇ 1984 ਕਤਲੇਆਮ ਕੇਸਾਂ ਬਾਰੇ ਕੀਤੇ ਖੁਲ੍ਹਾਸੇ ਦੀ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰਾਂਗੇ ਤੇ ਜੇਕਰ ਉਹਨਾਂ ਨੇ ਦੋਸ਼ੀ ਸਰਨਾ ਨੂੰ ਤਲਬ ਨਾ ਕੀਤਾ ਤਾਂ ਅਸੀਂ ਸਾਰੇ ਆਪ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋ ਕੇ ਜਥੇਦਾਰ ਸਾਹਿਬ ਨੂੰ ਅਪੀਲ ਵੀ ਕਰਾਂਗੇ ਕਿ ਸਿੱਖ ਕੌਮ ਦੇ ਇੰਨੇ ਅਹਿਮ ਮਾਮਲੇ ਵਿਚ ਸਰਨਾ ਵੱਲੋਂ ਨਿਭਾਈ ਨਾਂਹ ਪੱਖੀ ਭੂਮਿਕਾ ਲਈ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ।
    ਉਹਨਾਂ ਇਹ ਵੀ ਦੱਸਿਆ ਕਿ ਪਸਿੱਧ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਤੇ ਦਿੱਲੀ ਕਮੇਟੀ ਦੇ ਤਤਕਾਲੀ ਮੁਲਾਜ਼ਮ ਮੁਖ਼ਤਿਆਰ ਸਿੰਘ ਨੇ ਵੀ ਇਹ ਗੱਲ ਮੰਨੀ ਹੈ ਕਮਲਨਾਥ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ ਜਿਸਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਦੋ ਸਿੱਖਾਂ ਦਾ ਕਤਲ ਕੀਤਾ ਹੈ।

    ਉਹਨਾਂ ਕਿਹਾ ਕਿ ਸਰਨਾ ਨੇ ਜਿਥੇ ਅੱਜ ਕਮਲਨਾਥ ਦੇ ਕੇਸ ਵਿਚ ਆਪਣੀ ਭੂਮਿਕਾ ਕਬੂਲੀ ਹੈ, ਉਥੇ ਹੀ ਆਉਂਦੇ ਦਿਨਾਂ ਵਿਚ ਹੋਰ ਕੇਸਾਂ ਵਿਚ ਵੀ ਆਪਣੀ ਭੂਮਿਕਾ ਕਬੂਲ ਕਰਨਗੇ।
    ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਹਨਾਂ ਦੇ ਪਰਿਵਾਰ ਕਤਲ ਹੋਏ ਉਹਨਾਂ ਨੇ ਦਿੱਲੀ ਕਮੇਟੀ ਦਫਤਰ ਵਿਚ ਐਫ ਆਈ ਆਰ ਕਾਪੀਆਂ ਦਿੱਤੀਆਂ ਤੇ ਦਸਤਾਵੇਜ਼ੀ ਸਬੂਤ ਦਿੱਤੇ ਪਰ ਇਹ ਸਾਰੇ ਕਾਗਜ਼ਾਂ ਵਿਚ ਬੰਦ ਕਰ ਕੇ ਰੱਖ ਦਿੱਤੇ ਗਏ ਤੇ ਕਦੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਜਸਟਿਸ ਐਸ ਐਨ ਢੀਂਗਰਾ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਜਸਟਿਸ ਐਸ ਐਸ ਬੱਲ ਦੀ ਅਦਾਲਤ ਵਿਚ ਬਹੁਤ ਸਾਰੇ ਦੋਸ਼ੀ ਬਰੀ ਕੀਤੇ ਗਏ ਪਰ ਸਰਨਾ ਨੇ ਦਿੱਲੀ ਕਮੇਟੀ ਪ੍ਰਧਾਨ ਹੁੰਦਿਆਂ ਕਦੇ ਵੀ ਇਹਨਾਂ ਕੇਸਾਂ ਵਿਚ ਦੋਸ਼ੀ ਬਰੀ ਕਰਨ ਨੂੰ ਚੁਣੌਤੀ ਨਹੀਂ ਦਿੱਤੀ ਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ।

    ਉਹਨਾਂ ਕਿਹਾ ਕਿ ਸਾਡੀ ਟੀਮ ਦੀ ਪੈਰਵੀ ਦੀ ਬਦੌਲਤ ਅੱਜ ੱਜਣ ਕੁਮਾਰ ਤੇ ਸ਼ਹਿਰਾਵਤ ਵਰਗੇ ਦੋਸ਼ੀ ਜੇਲ੍ਹਾਂ ਅੰਦਰ ਹਨ ਤੇ ਅਸੀਂ ਐਡਵੋਕੇਟ ਐਚ ਐਸ ਫੂਲਕਾ ਦੀਆਂ ਸੇਵਾਵਾਂ ਲੈ ਕੇ ਕੇਸਾਂ ਦੀ ਡੱਟ ਕੇ ਪੈਰਵੀ ਕਰ ਰਹੇ ਹਾਂ ਤੇ ਅਸੀਂ ਕਦੇ ਵੀ ਸਰਨਾ ਵਾਂਗੂ ਪਿੱਠ ਨਹੀਂ ਵਿਖਾਵਾਂਗੇ ਤੇ ਕੌਮ ਦੀ ਲੜਾਈ ਜ਼ਰੂਰ ਲੜਾਂਗੇ।

    ਇਸ ਮੌਕੇ ਸਰਦਾਰ ਹਰਵਿੰਦਰ ਸਿੰਘ ਕੇ.ਪੀ. ਸੀਨੀਅਰ ਮੀਤ ਪ੍ਰਧਾਨ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।