ਨਵੀਂ ਦਿੱਲੀ : ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ, ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਭਵਨ ਵਿੱਖੇ ‘‘ਇਤਿਹਾਸ ਵਿੱਚ ਸਿੱਖ ਬੀਬੀਆਂ” ਲੜੀ ਤਹਿਤ ਪੰਜਵਾਂ ਵਿਸ਼ੇਸ਼ ਲੈਕਚਰ ਮਾਤਾ ਖੀਵੀ ਜੀ ਦੇ ਜੀਵਨ ਉੱਤੇ ਕਰਵਾਇਆ ਗਿਆ।
ਗੁਰੂ ਨਾਨਕ ਪਬਲਿਕ ਸਕੂਲ ਰਜੌਰੀ ਗਾਰਡਨ ਦੇ ਵਿਦਿਆਰਥੀਆਂ ਦੁਆਰਾ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਡਾ. ਹਰਬੰਸ ਕੌਰ ਸਾਗੂ ਨੇ ਆਏ ਹੋਏ ਵਿਦਵਾਨਾਂ, ਸੰਗਤਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੁੱਖ ਵਕਤਾ ਡਾ. ਕੁਲਦੀਪ ਕੌਰ ਪਾਹਵਾ ਸਾਬਕਾ ਪ੍ਰੋਫੈਸਰ, ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਿੰਦਰ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲੇਜ, ਅਤੇ ਗੈਸਟ ਆਫ਼ ਆਨਰ ਡਾ. ਹਰਲੀਨ ਕੌਰ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸਕੂਲ ਰਜੌਰੀ ਗਾਰਡਨ, ਦਾ ਰਸਮੀ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਬੁਲਾਰੇ ਡਾ. ਕੁਲਦੀਪ ਕੌਰ ਪਾਹਵਾ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਲ, ਲੰਗਰ ਪ੍ਰਥਾ ਦੀ ਸਿਰਜਨਹਾਰੀ ਮਾਤਾ ਖੀਵੀ ਜੀ ਦੇ ਜੀਵਨ ਇਤਿਹਾਸ ਦੀ ਵੱਡਮੁੱਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਧਰਮ ਵਿਚ ਸਿਰਫ ਮਾਤਾ ਖੀਵੀ ਜੀ ਹੀ ਇੱਕੋ ਇੱਕ ਗੁਰੂ ਮਹਿਲ ਹਨ, ਜਿਨ੍ਹਾਂ ਦੀ ਉਪਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਜੋ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਸੰਭਾਲਦੇ ਹੋਏ ਬਹੁਤ ਵਧੀਆ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਛਕਾਉਂਦੇ ਸਨ। ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਵੀ ਸਿਰਜਿਆ। ਆਪਣੇ ਗ੍ਰਹਿਸਥ ਦੀਆਂ ਜੁੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਦਿਆਂ ਆਪਣੇ ਬੱਚਿਆਂ ਦਾ ਵਧੀਆ ਪਾਲਣ-ਪੋਸ਼ਣ ਕਰਕੇ ਉਨ੍ਹਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ।
ਅੱਜ ਦੇ ਲੈਕਚਰ ਦੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਬੁਲਾਰੇ ਡਾ. ਕੁਲਦੀਪ ਕੌਰ ਪਾਹਵਾ ਵੱਲੋਂ ਦਿੱਤੀ ਜਾਣਕਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ, ਗੁਰੂ ਮਾਤਾਵਾਂ, ਗੁਰੂ ਮਹਿਲਾਂ, ਗੁਰੂ ਪੁੱਤਰੀਆਂ ਅਤੇ ਇਤਿਹਾਸਿਕ ਸਿੱਖ ਬੀਬੀਆਂ ਦੇ ਜੀਵਨ ਇਤਿਹਾਸ ਨੂੰ ਸੰਗਤਾਂ ਸਾਹਮਣੇ ਲਿਆਓਣ ਦੇ ਇਸ ਵੱਡਮੁਲੇ ਉਪਰਾਲੇ ਲਈ ਦਿੱਲੀ ਕਮੇਟੀ ਅਤੇ ਸੰਬੰਧਤ ਸਿੱਖ ਇਤਿਹਾਸ ਅਤੇ ਗੁਰਬਾਣੀ ਫ਼ੋਰਮ ਨੂੰ ਵਧਾਈ ਦਿੱਤੀ। ਇਸ ਉਪਰਾਲੇ ਨਾਲ ਸਿੱਖੀ ਨੂੰ ਭਰਪੂਰ ਯੋਗਦਾਨ ਪਾਉਣ ਵਾਲੀਆਂ ਗੁਰੂ ਮਹਿਲਾਂ ਦਾ ਅਨਮੋਲ ਵਿਰਸਾ ਨੌਜਵਾਨ ਪੀੜ੍ਹੀ ਤਕ ਪੁੱਜ ਰਿਹਾ ਹੈ। ਲੈਕਚਰ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਿੰਦਰ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲੇਜ, ਨੇ ਮਾਤਾ ਖੀਵੀ ਜੀ ਦੇ ਜੀਵਨ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਦਿੱਲੀ ਸਿੱਖ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਉੱਘੀ ਕਵਿਤਰੀ ਇੰਦਰਜੀਤ ਕੌਰ (ਧਰਮ ਸੁਪਤਨੀ ਡਾ. ਹਰਮਿੰਦਰ ਕੌਰ ਸਾਬਕਾ ਵਾਈਸ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲੇਜ ਦਿੱਲੀ) ਦੀ ਪੁਸਤਕ ਸੋਚਾਂ ਦੀ ਉਡਾਰੀ ਸੰਗਤਾਂ ਨੂੰ ਸਮਰਪਿੱਤ ਕੀਤੀ। ਉਪਰੰਤ ਸਰਦਾਰ ਸਵਰਨ ਸਿੰਘ ਵੱਲੋਂ ਅੱਜ ਦੇ ਲੈਕਚਰ ਵਿਚ ਹਾਜ਼ਰੀ ਭਰਨ ਵਾਲੇ ਪਤਵੰਤੇ ਸੱਜਣਾ ਅਤੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ।
ਅੱਜ ਦੇ ਲੈਕਚਰ ਵਿੱਚ ਡਾ. ਦਰਸ਼ਨ ਕੌਰ ਚੀਮਾ, ਜਸਵੰਤ ਸਿੰਘ ਸਾਗੂ, ਨਰਿੰਦਰ ਸਿੰਘ ਬੇਦੀ, ਡੀ. ਆਈ. ਜੀ. ਪ੍ਰਤਾਪ ਸਿੰਘ, ਐਡਵੋਕੇਟ ਰਣਜੀਤ ਸਿੰਘ, ਸਿੱਖ ਚੇਤਨਾ ਮਿਸ਼ਨ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਅਧਿਆਪਕਾਂ, ਇੰਟਰਨੈਸ਼ਨਲ ਇੰਸਟੀਚਿਊਟ ਆਫ ਗੁਰਮਤਿ ਸਟੱਡੀਜ਼ ਤੇ ਸੰਗੀਤ ਅਕੈਡਮੀ, ਵੱਖ ਵੱਖ ਸਕੂਲਾਂ ਕਾਲਜਾਂ ਤੋਂ ਆਏ ਸੂਝਵਾਨ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।