ਪਾਰਟੀ ਆਗੂ ਪਰਮਜੀਤ ਸਿੰਘ ਚੰਢੋਕ ਦੀ ਮਿਹਨਤ ਬਦੌਲਤ ਸੁਰਜੀਤ ਸਿੰਘ ਸੇਠੀ ਪ੍ਰਧਾਨ ਬਣੇ

    ਜਾਗੋ ਪਾਰਟੀ ਦੇ ਉਮੀਦਵਾਰ ਨੂੰ ਮਿਲੀ ਸਿਰਫ ਇਕ ਵੋਟ

    ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਆਗੂ ਸਰਦਾਰ ਪਰਮਜੀਤ ਸਿੰਘ ਚੰਢੋਕ ਦੀ ਮਿਹਨਤ ਦੀ ਬਦੌਲਤ ਸਰਦਾਰ ਸੁਰਜੀਤ ਸਿੰਘ ਸੇਠੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਾਪੁਰੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਵੱਡੇ ਫਰਕ ਨਾਲ ਜਿੱਤ ਗਏ ਹਨ। ਵੱਡੀ ਗੱਲ ਇਹ ਹੈ ਕਿ ਇਸ ਚੋਣ ਵਿਚ ਜਾਗੋ ਪਾਰਟੀ ਦੇ ਉਮੀਦਵਾਰ ਰਾਜਾ ਇੰਦਰਜੀਤ ਸਿੰਘ ਨੂੰ ਸਿਰਫ ਇਕ ਵੋਟ ਮਿਲੀ ਹੈ।

    ਇਸ ਚੋਣ ਵਿਚ ਕੁੱਲ 270 ਵੋਟਾਂ ਪਈਆਂ ਜਿਸ ਵਿਚੋਂ 12 ਵੋਟਾਂ ਰੱਦ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਆਗੂ ਸਰਦਾਰ ਸੁਰਜੀਤ ਸਿੰਘ ਸੇਠੀ ਨੂੰ 157 ਵੋਟਾਂ ਪਈਆਂ। ਦੂਜੇ ਨੰਬਰ ’ਤੇ ਰਹੇ ਸਰਦਾ ਰਵਿੰਦਰ ਸਿੰਘ ਨੂੰ 100 ਅਤੇ ਜਾਗੋ ਪਾਰਟੀ ਦੇ ਆਗੂ ਰਾਜਾ ਇੰਦਰਜੀਤ ਸਿੰਘ ਨੂੰ ਸਿਰਫ ਇਕ ਵੋਟ ਪਈ।

    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਇਸ ਸ਼ਾਨਦਾਰ ਜਿੱਤ ਲਈ ਸਰਦਾਰ ਸੁਰਜੀਤ ਸਿੰਘ ਸੇਠੀ ਨੂੰ ਜਿੱਤ ਦੀਆਂ ਵਧਾਈਆਂ ਦਿੰਦਿਆਂ ਪਾਰਟੀ ਆਗੂ ਸਰਦਾਰ ਪਰਮਜੀਤ ਸਿੰਘ ਚੰਢੋਕ ਨੂੰ ਵੀ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਨਾਲ ਸੀ, ਹੈ ਤੇ ਰਹੇਗੀ।