ਸ੍ਰੀ ਮੁਕਤਸਰ ਸਾਹਿਬ, 02 ਦਸੰਬਰ (ਵਿਪਨ ਕੁਮਾਰ ਮਿਤੱਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਵਿਲੱਖਣ ਉਪਰਾਲਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ‘‘ਨਵਾਂ ਸਾਲ, ਛੋਟੀਆਂ ਬੱਚੀਆਂ ਦੇ ਨਾਲ’’ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰੋਹ ਦੌਰਾਨ ਇਕ ਸਾਲ ਤੋਂ ਘੱਟ ਉਮਰ ਤੱਕ ਦੀ ਛੋਟੀਆਂ ਬੱਚੀਆਂ ਨੂੰ ਮਿਸ਼ਨ ਵੱਲੋਂ ਕੱਪੜੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਕੰਨਿਆ ਭਰੂਣ ਹੱਤਿਆ, ਨਸ਼ੇ, ਦਾਜ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਸਮਾਜ ਵਿਚੋਂ ਦਰਕਿਨਾਰ ਕਰਨ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਕੀਤੇ ਜਾਣ ਵਾਲੇ ਉਕਤ ਪ੍ਰੋਗਰਾਮ ਵਿਚ ਮਿਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਭਾਲ ਲੈਣਗੇ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਜਲਦੀ ਹੀ ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਸਮਾਰੋਹ ਸਬੰਧੀ ਸਾਰੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਪ੍ਰਧਾਨ ਢੋਸੀਵਾਲ ਨੇ ਇਕ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਬੱਚੀਆਂ ਦੀ ਰਜਿਸਟ੍ਰੇਸ਼ਨ ਉਹਨਾਂ ਦੇ ਮੋਬਾਇਲ ਨੰਬਰ 99144-23732 ਜਾਂ ਮਿਸ਼ਨ ਦੇ ਕਿਸੇ ਵੀ ਮੈਂਬਰ ਕੋਲ ਕਰਵਾ ਸਕਦੇ ਹਨ। ਇਹ ਰਜਿਸਟ੍ਰੇਸ਼ਨ 15 ਦਸੰਬਰ ਤੱਕ ਹੀ ਕੀਤੀ ਜਾਵੇਗੀ।