ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗੀ। ਇਹ ਮੁਕਾਬਲਾ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਕੀਤਾ ਗਿਆ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ।
ਬਦਮਾਸ਼ਾਂ ਨੇ ਪਹਿਲਾਂ ਪੁਲਿਸ ‘ਤੇ ਫਾਇਰਿੰਗ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ‘ਤੇ ਜਵਾਬੀ ਕਾਰਵਾਈ ਕੀਤੀ। ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗੀ ਹੈ। ਜੋ ਕਿ ਗੰਭੀਰ ਜ਼ਖਮੀ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਜਲੰਧਰ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਈ ਹੈ।
ਜੰਡਿਆਲਾ ਕਸਬਾ ਨੇੜੇ ਸੀ.ਆਈ.ਏ ਸਟਾਫ਼ ਦੀ ਟੀਮ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਇਹ ਉਹੀ ਗੈਂਗਸਟਰ ਹੈ ਜਿਸ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਅਧਿਕਾਰੀ ਦੀ ਕਾਰ ‘ਤੇ ਫਾਇਰਿੰਗ ਕਰਕੇ ਫਿਰੌਤੀ ਮੰਗੀ ਸੀ। ਇਨ੍ਹਾਂ ਗੈਂਗਸਟਰਾਂ ਨੇ ਪੁਲਿਸ ਉਤੇ ਫਾਇਰਿੰਗ ਕੀਤੀ ਅਤੇ ਪੁਲਿਸ ਨੇ ਜਵਾਬ ਵਿੱਚ ਇਨ੍ਹਾਂ ਉਪਰ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ।
ਕਾਬਿਲੇਗੌਰ ਹੈ ਕਿ ਬੀਤੀ ਰਾਤ (21 ਦਸੰਬਰ) ਪੰਜਾਬ ਦੇ ਤਰਨਤਾਰਨ ਵਿੱਚ ਇੱਕ ਪੁਲਿਸ ਐਨਕਾਊਂਟਰ ਹੋਇਆ। ਇੱਥੇ ਤਰਨਤਾਰਨ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਤੇ ਗੈਂਗਸਟਰ ਅਤੇ ਉਸਦੇ ਸਾਥੀ ਵਿਚਕਾਰ ਗੋਲੀਬਾਰੀ ਹੋਈ। ਜਿਸ ਵਿੱਚ ਗੈਂਗਸਟਰ ਨੂੰ ਗੋਲੀ ਲੱਗੀ ਸੀ। ਇਸ ਤੋਂ ਬਾਅਦ ਉਸ ਨੂੰ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਫੜ੍ਹ ਲਿਆ। ਗੈਂਗਸਟਰ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਚਰਨਜੀਤ ਉਰਫ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਵਜੋਂ ਹੋਈ ਹੈ। ਜਦਕਿ ਉਸ ਦੇ ਸਾਥੀ ਦੀ ਪਛਾਣ ਪਰਮਿੰਦਰਦੀਪ ਸਿੰਘ ਵਾਸੀ ਪਿੰਡ ਇੱਬਨ ਵਜੋਂ ਹੋਈ ਹੈ।
ਦਰਅਸਲ, ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜੂ ਸ਼ੂਟਰ ਆਪਣੇ ਸਾਥੀ ਨਾਲ ਬਾਈਕ ‘ਤੇ ਇਲਾਕੇ ‘ਚ ਕੋਈ ਵਾਰਦਾਤ ਕਰਨ ਲਈ ਘੁੰਮ ਰਿਹਾ ਹੈ। ਇਸ ਤੋਂ ਬਾਅਦ ਗੁਰਦੁਆਰਾ ਬੀੜ ਸਾਹਿਬ ਤੋਂ ਪਿੰਡ ਕਸੇਲ ਨੂੰ ਜਾਂਦੀ ਸੜਕ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ।