ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਨਸ਼ੇ ਵਿਰੁੱਧ ਮੁਹਿੰਮ ਤਹਿਤ ਐਸਟੀਐਫ ਨੇ 1 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਐਸਟੀਐਫ ਨੇ ਇਹ ਹੈਰੋਇਨ ਇੱਕ ਗੁਪਤ ਸੂਚਨਾ ਦੇ ਆਧਾਰ ਉਪਰ ਕਾਰਵਾਈ ਕਰਦਿਆਂ ਇੱਕ ਵਿਅਕਤੀ ਕੋਲੋਂ ਫੜੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪ੍ਰੈਸ ਕਾਨਫਰਸ ਕਰਦੇ ਹੋਏ ਐਸਟੀਐਫ ਲੁਧਿਆਣਾ ਰੇਂਜ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਟੀਮ ਵੱਲੋਂ ਟਿੱਬਾ ਰੋਡ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਨਾਕੇਬੰਦੀ ਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਜਦੋਂ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਪਿੱਠੂ ਬੈਗ ਵਿੱਚੋਂ 1 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਦੀ ਪਛਾਣ ਮੁਕੇਸ਼ ਸੈਣੀ ਉਰਫ ਗੰਜੇ ਦੇ ਰੂਪ ਵਿੱਚ ਹੋਈ ਹੈ, ਜੋ ਲੁਧਿਆਣੇ ਵਿੱਚ ਹੀ ਥੋਕ ਵਿੱਚ ਹੀਰੋਇਨ ਲੈ ਕੇ ਪਰਚੂਨ ਦੇ ਰੂਪ ਵਿੱਚ ਸਪਲਾਈ ਕਰਦਾ ਹੈ ਅਤੇ ਆਪ ਵੀ ਨਸ਼ੇ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਸ ਤੋਂ ਹੁਣ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।