ਫਿਰੋਜਪੁਰ ( ਜਤਿੰਦਰ ਪਿੰਕਲ ) : ਸਥਾਨਕ ਫ਼ਿਰੋਜ਼ਪੁਰ ਸ਼ਹਿਰ ਦੀ ਨਾਨ-ਟੀਚਿੰਗ ਯੂਨੀਅਨ ਦੀ ਲੋਕਲ ਇਕਾਈ ਵੱਲੋਂ ਸੈਂਟਰ ਯੂਨੀਅਨ ਦੇ ਸੱਦੇ `ਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ ਵਿਖੇ ਸਹੁੰ ਚੁੱਕੀ ਸੀ ਕਿ ਉਹ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰਨਗੇ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਕੰਮ ਕਰ ਰਹੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਛੇਵੇਂ ਪੇ-ਸਕੇਲ ਦੇ ਲਾਭ ਤੋਂ ਹੁਣ ਤੱਕ ਵਾਂਝਾ ਰੱਖਿਆ ਗਿਆ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨਾਨ-ਟੀਚਿੰਗ ਯੂਨੀਅਨ ਫ਼ਿਰੋਜ਼ਪੁਰ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਛੇਵੇਂ ਪੇ-ਕਮਿਸ਼ਨ ਦਾ ਲਾਭ ਜੁਲਾਈ 2021 ਤੋਂ ਦੇ ਦਿੱਤਾ ਗਿਆ ਹੈ। ਪਰੰਤੂ ਇਸ ਦੇ ਉਲਟ ਰਾਜ ਦੇ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਕੰਮ ਕਰ ਰਹੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਇਹ ਲਾਭ ਦੇਣ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ ਹੈ, ਜੋ ਕਿ ਅਤਿ-ਨਿੰਦਣਯੋਗ ਕਾਰਵਾਈ ਹੈ। ਇਸ ਦੇ ਵਿਰੋਧ ਵਿੱਚ ਸਾਰੇ ਪੰਜਾਬ ਦੇ ਨਾਨ-ਟੀਚਿੰਗ ਕਾਮੇ ਮਿਤੀ 07-01-2024 ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਜੀ ਯਾਦਗਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਸਹੁੰ ਚੁੱਕ ਸਮਾਗਮ ਵਾਲੇ ਸਥਾਨ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ ਜ਼ੋਰਦਾਰ ਰੋਸ-ਪ੍ਰਦਰਸ਼ਨ ਕਰਨਗੇ ਅਤੇ ਮੁੱਖ ਮੰਤਰੀ ਨੂੰ ਉਹਨਾਂ ਦੀ ਸਹੁੰ ਯਾਦ ਕਰਵਾਉਣਗੇ। ਉਹਨਾਂ ਨੇ ਦੱਸਿਆਂ ਕਿ ਨਾਨ-ਟੀਚਿੰਗ ਵਿੱਚ ਜਿਆਦਾਤਰ ਗਿਣਤੀ ਦਰਜ਼ਾ-3 ਅਤੇ ਦਰਜ਼ਾ-4 ਕਰਮਚਾਰੀਆਂ ਦੀ ਹੈ ਜੋ ਕਿ ਪੇ-ਸਕੇਲ ਵਿੱਚ ਹੋ ਰਹੀ ਦੇਰੀ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰਨ ਦੇ ਨਾਲ-2 ਮਾਨਸਿਕ ਤੌਰ `ਤੇ ਵੀ ਪਰੇਸ਼ਾਨ ਹੋ ਰਹੇ ਹਨ।
ਉਹਨਾਂ ਨੇ ਸਰਕਾਰ ਨੂੰ ਇਸ ਮੌਕੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਜਲਦੀ ਹੀ ਇਹ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਜਿਸ ਨਾਲ ਪਾਰਟੀ ਦੀਆਂ ਵੋਟਾਂ ਤੇ ਜਰੂਰ ਅਸਰ ਪਵੇਗਾ। ਇਸ ਲਈ ਨਾਨ-ਟੀਚਿੰਗ ਕਰਮਚਾਰੀਆਂ ਇਸ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਉਹਨਾਂ ਦੇ ਨਾਲ ਮਨੋਜ ਚਾਵਲਾ, ਵਿਸ਼ਾਲ ਕੁਮਾਰ, ਜੈ ਪ੍ਰਕਾਸ਼ ਆਦਿ ਸਾਥੀ ਕਰਮਚਾਰੀ ਹਾਜ਼ਿਰ ਸਨ।