ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਇੱਥੇ ਉਨ੍ਹਾਂ ਨੇ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਗਰੀਨਫੀਲਡ ਹਾਈਵੇਅ ਬਣਾਇਆ ਜਾਵੇਗਾ। ਇਹ 75 ਕਿਲੋਮੀਟਰ ਲੰਬਾ ਹੋਵੇਗਾ।
ਇਸ ‘ਤੇ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਬਾਅਦ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ ਜਾਵੇਗੀ। ਇਸ ਨੂੰ ਦਸੰਬਰ 2025 ਤੱਕ ਬਣਾਇਆ ਜਾਵੇਗਾ। ਜਿਸ ਨਾਲ ਹਲਵਾਰਾ ਏਅਰਪੋਰਟ ਨਾਲ ਵੀ ਕਨੈਕਟੀਵਿਟੀ ਹੋਵੇਗੀ।
ਪ੍ਰੋਗਰਾਮ ‘ਚ ਨਿਤਿਨ ਗਡਕਰੀ ਨੇ ਕਿਹਾ ਕਿ 2014 ‘ਚ ਨਰਿੰਦਰ ਮੋਦੀ ਸਰਕਾਰ ਆਈ ਸੀ ਅਤੇ ਸਾਡਾ ਧਿਆਨ ਸੜਕੀ ਢਾਂਚੇ ਵੱਲ ਸੀ। ਜੇਕਰ ਅਸੀਂ ਸੂਬੇ ਅਤੇ ਦੇਸ਼ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵਧੀਆ ਬੁਨਿਆਦੀ ਢਾਂਚਾ ਬਣਾਉਣਾ ਹੋਵੇਗਾ। ਜੇਕਰ ਬੁਨਿਆਦੀ ਢਾਂਚਾ ਚੰਗਾ ਹੋਵੇਗਾ ਤਾਂ ਉਦਯੋਗ ਆਉਣਗੇ। ਉਦਯੋਗ ਆਉਣਗੇ ਤਾਂ ਚੰਗਾ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਘੱਟ ਸਮੇਂ ਵਿੱਚ ਕਰਤਾਰਪੁਰ ਲਾਂਘਾ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਮਦਾਸ ਤੱਕ 4 ਮਾਰਗੀ ਹਾਈਵੇਅ ਦਾ ਕੰਮ 2024 ਵਿੱਚ ਮੁਕੰਮਲ ਹੋ ਜਾਵੇਗਾ। ਇਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲਾ ਰਸਤਾ ਆਸਾਨ ਹੋ ਜਾਵੇਗਾ। ਲੁਧਿਆਣਾ ਦੇ ਸਮਰਾਲਾ ਚੌਕ ਤੱਕ 13 ਕਿਲੋਮੀਟਰ ਸੜਕ ਦਾ ਕੰਮ ਜਨਵਰੀ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ।