ਗੁਰਪੁਰਬ ਮੌਕੇ 17 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਲੱਗੇਗਾ ਲੋਨ ਕੈਂਪ

    ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਖਾਲਸਾ ਕਾਨਵੈਂਟ ਸਕੂਲਾਂ ਦੇ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ

    ਨਵੀਂ ਦਿੱਲੀ : ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰ ਨਵੀਂਆਂ ਤੋਂ ਨਵੀਂਆਂ ਸਕੀਮਾਂ ਲੈ ਕੇ ਘੱਟ ਗਿਣਤੀਆਂ ਦੀ ਭਲਾਈ ਲਈ ਕੰਮ ਕਰ ਸਕਣ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕੀਤਾ ਹੈ।

    ਉਹ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਘੱਟ ਗਿਣਤੀ ਵਿਭਾਗ ਵੱਲੋਂ ਸਾਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਦੂਸਰੇ ਖਾਲਸਾ ਕਾਨਵੈਂਟ ਸਕੂਲਾਂ ਨੋਡਲ ਅਫਸਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਸਕੂਲਾਂ ਦੇ ਨੋਡਲ ਅਫਸਰ ਨੂੰ ਸਮਝਾਇਆ ਕਿ ਸਰਕਾਰ ਵੱਲੋ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਕੋਈ ਖੈਰਾਤ ਨਹੀਂ ਹੈ ਬਲਕਿ ਇਹ ਸਾਡਾ ਸੰਵਿਧਾਨਿਕ ਅਧਿਕਾਰ ਹੈ। ਉਹਨਾਂ ਕਿਹਾ ਕਿ ਇਸ ਲਈ ਸਾਨੂੰ ਵੱਧ ਤੋਂ ਵੱਧ ਬੱਚਿਆਂ ਤੱਕ ਏਨਾ ਸਕੀਮਾਂ ਦਾ ਲਾਭ ਪਹੁੰਚਣਾ ਯਕੀਨੀ ਬਣਾਉਣਾ ਚਾਹੀਦਾ ਹੈ ਜਿਸ ਕਰਕੇ ਸਰਕਾਰ ਏਨਾ ਸਕੀਮਾਂ ਨੂੰ ਬੰਦ ਕਰਨ ਦੀ ਬਜਾਏ ਨਵੀਆਂ ਸਕੀਮਾਂ ਲਿਆ ਸਕੇ l

    ਉਹਨਾਂ ਇਹ ਵੀ ਦੱਸਿਆ ਕਿ 17 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵੱਲੋਂ ਇਕ ਲੋਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸਦਾ ਘੱਟ ਗਿਣਤੀ ਭਾਈਚਾਰੇ ਦੇ ਲੋਕ ਲਾਭ ਲੈ ਸਕਦੇ ਹਨ।