ਸ੍ਰੀ ਮੁਕਤਸਰ ਸਾਹਿਬ, 18 ਫਰਵਰੀ (ਵਿਪਨ ਕੁਮਾਰ ਮਿੱਤਲ) ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ ਹੈ। ਲੋੜਵੰਦ ਪਰਿਵਾਰਾਂ ਦੀ ਲੜਕੀਆਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਉਨ੍ਹਾਂ ਨੂੰ ਛੇ ਮਹੀਨੇ ਦੀ ਮੁਫਤ ਕਟਾਈ ਸਿਲਾਈ ਕੋਰਸ ਦੀ ਟਰੇਨਿੰਗ ਦਿਤੀ ਜਾਂਦੀ ਹੈ। ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹਨ। ਕੋਰੋਨਾ ਦੇ ਮਹਾਂਕਾਲ ਦੌਰਾਨ ਜਾਗ੍ਰਿਤੀ ਕੈਂਪ ਲਗਾਏ ਗਏ ਅਤੇ ਵੀਹ ਹਜ਼ਾਰ ਦੇ ਕਰੀਬ ਮਾਸਕ ਮੁਫਤ ਵੰਡੇ ਗਏ। ਲੋਕ ਸਮੱਸਿਆਵਾਂ ਨੂੰ ਸ਼ਾਸਨ ਪ੍ਰਸ਼ਾਸਨ ਕੋਲ ਪਹੁੰਚਾ ਕੇ ਉਨ੍ਹਾਂ ਦਾ ਸਾਰਥਿਕ ਹੱਲ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਂਦੀਆਂ ਵੀ ਕਰਵਾਈਆਂ ਜਾਂਦੀਆਂ ਹਨ। ਸੰਸਥਾ ਵੱਲੋਂ ਹੁਣ ਤੱਕ 157 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਚੁੱਕੀਆਂ ਹਨ। ਟਰੱਸਟ ਅਤੇ ਮੁਕਤਸਰ ਵਿਕਾਸ ਮਿਸ਼ਨ ਦੇ ਬਾਨੀ ਜਗਦੀਸ਼ ਰਾਏ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਇਸ ਵਾਰ ਅੰਤਰ ਰਾਸ਼ਟਰੀ ਇਸਤਰੀ ਦਿਵਸ ਵਿਲੱਖਣ ਢੰਗ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਸਮਾਰੋਹ ਆਉਂਦੀ 10 ਮਾਰਚ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੌਰਾਨ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਕਰਵਾਈਆਂ ਗਈਆਂ ਸ਼ਾਦੀਆਂ ਦੀ ਸਿਲਵਰ ਜੁਬਲੀ ਮਨਾਈ ਜਾਵੇਗੀ। ਇਸ ਮੌਕੇ ਸਿਲਵਰ ਜੁਬਨੀ ਮਨਾਉਣ ਵਾਲੇ ਜੋੜਿਆਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਆਸ਼ੀਰਵਾਦ ਦਿਤਾ ਜਾਵੇਗਾ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਲੜਕੀਆਂ/ਔਰਤਾਂ ਨੂੰ ਉਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।