ਫਾਜ਼ਿਲਕਾ ਦੇ ਪਿੰਡ ਲਾਲੋ ਵਾਲੀ ਨੇੜੇ ਫਾਜ਼ਿਲਕਾ ਫ਼ਿਰੋਜ਼ਪੁਰ ਹਾਈਵੇ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰ ‘ਚ 3 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਲਿਜਾਇਆ ਗਿਆ।
ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ। ਜਾਣਕਾਰੀ ਅਨੁਸਾਰ ਇਹ ਹਾਦਸਾ ਵੈਗਨਾਰ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸੇ ਥਾਂ ‘ਤੇ ਵਾਪਰਿਆ ਹੈ, ਜਿੱਥੇ ਕੱਲ੍ਹ ਸਵੇਰੇ ਇੱਕ ਟਰੱਕ ਦੇ ਦਰੱਖਤ ਨਾਲ ਟਕਰਾਉਣ ਨਾਲ ਚਾਲਕ ਦੀ ਮੌਤ ਹੋ ਗਈ ਸੀ। ਉਸ ਦੇ ਬਿਲਕੁਲ ਸਾਹਮਣੇ ਇਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ। ਜਿਸ ਵਿੱਚ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਵਿੱਚੋਂ ਇੱਕ ਜਸਕਰਨ ਕੰਬੋਜ ਪਿੰਡ ਜੰਡਵਾਲਾ ਭੀਮੇ ਸ਼ਾਹ ਦਾ ਵਸਨੀਕ ਦੱਸਿਆ ਜਾਂਦਾ ਹੈ ਅਤੇ ਦੂਜਾ ਗੁਰਪ੍ਰੀਤ ਕੰਬੋਜ ਪਿੰਡ ਝੋਟਿਆਂਵਾਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਨ੍ਹਾਂ ਦੇ ਤੀਜੇ ਵਿਅਕਤੀ ਜੋ ਜ਼ਖ਼ਮੀ ਹਨ, ਨੂੰ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ ਗਿਆ ਹੈ। ਜਿੱਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਗੁਰਪ੍ਰੀਤ ਕੰਬੋਜ ਦੀ ਮਾਤਾ, ਦਾਦੀ ਅਤੇ ਪਿਤਾ ਬਿਮਾਰ ਸਨ ਅਤੇ ਉਹ ਮਿਹਨਤ ਮਜ਼ਦੂਰੀ ਕਰਕੇ ਉਨ੍ਹਾਂ ਦਾ ਗੁਜ਼ਾਰਾ ਚਲਾ ਰਿਹਾ ਸੀ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।