ਇਨ੍ਹੀਂ ਦਿਨੀਂ ਅਮਰੀਕਾ ਵਿੱਚ ਬਰਡ ਫਲੂ ਵਾਇਰਸ ਦਾ ਖ਼ਤਰਾ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਮਰੀਕਾ ਦੇ ਕਰੀਬ ਹਰ ਰਾਜ ਵਿੱਚ commercial poultry ਅਤੇ ਘਰਾਂ ‘ਚ ਰੱਖੇ ਪਸ਼ੂ ਪਾਲਣ ‘ਤੇ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਕਾਰਨ ਹੁਣ ਤੱਕ ਲੱਖਾਂ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਦੇ ਕਈ ਸੂਬਿਆਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮਾਹਿਰਾਂ ਨੇ ਨਿਊਯਾਰਕ ਵਾਸੀਆਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੈਨਹਟਨ ਦੇ ਮਾਰਕਸ ਗਾਰਵੇ ਪਾਰਕ ’ਚ ਜੰਗਲੀ ਪੰਛੀਆਂ, ਇਕ ਪੈਰੇਗ੍ਰੀਨ ਬਾਜ ਤੇ ਇਕ ਲਾਲ ਪੂਛ ਵਾਲੇ ਬਾਜ਼ ’ਚ ਬਰਡ ਫਲੂ ਪਾਜ਼ੇਟਿਵ ਪਾਇਆ ਗਿਆ ਹੈ। ਹਾਲਾਂਕਿ ਅਮਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਫਿਲਹਾਲ ਲੋਕਾਂ ’ਚ ਬਰਡ ਫਲੂ ਫੈਲਣ ਦਾ ਕੋਈ ਸੰਕੇਤ ਨਹੀਂ ਹੈ।
7 ਸੂਬਿਆਂ ’ਚ ਜੰਗਲੀ ਪੰਛੀਆਂ ’ਚ ਪਾਇਆ ਗਿਆ ਬਰਡ ਫਲੂ
ਰਿਪੋਰਟ ’ਚ ਈਕਾਨ ਸਕੂਲ ਆਫ਼ ਮੈਡੀਸਨ ਦੇ ਇਕ ਪੋਸਟ-ਡਾਕਟੋਰਲ ਫੈਲੋ ਫਿਲਿਪ ਮੀਡੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸੇ ਹਰੇ ਸਥਾਨ ’ਚ ਇਕ ਮੁਰਗਾ ਵੀ ਬੀਮਾਰੀ ਤੋਂ ਪੀੜਤ ਪਾਇਆ ਗਿਆ ਸੀ। ਇਸ ਤੋਂ ਇਲਾਵਾ ਘਰੇਲੂ ਮੁਰਗੇ-ਮੁਰਗੀਆਂ ’ਚ ਵੀ ਇਹ ਬੀਮਾਰੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਜੰਗਲੀ ਜੀਵਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਮਾਹਿਰਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਨਿਊਯਾਰਕ ਵਾਸੀਆਂ ਨੂੰ ਪੰਛੀਆਂ ਦੀ ਬੀਟ ਦੇ ਸੰਪਰਕ ’ਚ ਆਉਣ ਤੋਂ ਬਾਅਦ ਆਪਣੇ ਹੱਥ ਧੋਣੇ ਚਾਹੀਦੇ ਹਨ। ਪਿਛਲੇ ਮਹੀਨੇ 7 ਸੂਬਿਆਂ ’ਚ ਜੰਗਲੀ ਪੰਛੀਆਂ ਦੇ 12 ਝੁੰਡਾਂ ’ਚ ਬਰਡ ਫਲੂ ਦਾ ਵਾਇਰਸ ਪਾਇਆ ਗਿਆ ਹੈ, ਜਿਨ੍ਹਾਂ ’ਚੋਂ ਵਧੇਰੇ ਟੈਕਸਾਸ ’ਚ ਸਨ।
ਦੱਸ ਦੇਈਏ ਕਿ ਅਮਰੀਕਾ ਦੇ 4 ਵੱਖ-ਵੱਖ ਰਾਜਾਂ ਵਿੱਚ H5N1 ਏਵੀਅਨ ਫਲੂ ਕਾਰਨ ਪਸ਼ੂਆਂ ਦੇ ਸਾਰੇ ਝੁੰਡ ਸੰਕਰਮਿਤ ਪਾਏ ਜਾ ਰਹੇ ਹਨ। ਜੇਕਰ ਇਹ ਵਾਇਰਸ ਇਨਸਾਨ ਤੋਂ ਇਨਸਾਨ ਤੱਕ ਫੈਲਦਾ ਹੈ ਤਾਂ ਇਹ ਕੋਰੋਨਾ ਤੋਂ ਵੀ ਵੱਡਾ ਖ਼ਤਰਾ ਬਣ ਸਕਦਾ ਹੈ।