ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਕਿਸਾਨ ਦੁਪਹਿਰ 12 ਵਜੇ ਸ਼ੰਭੂ ਸਰਹੱਦ ‘ਤੇ ਰੇਲਾਂ ਰੋਕਣਗੇ। ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਧਰਨਾ 16 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।ਅਧਿਕਾਰੀਆਂ ਨੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਜੇਲ੍ਹ ਵਿੱਚ ਬੰਦ ਤਿੰਨੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਭਾਜਪਾ ਦੇ ਨਾਲ-ਨਾਲ ਵਿਰੋਧੀ ਧਿਰ ਨੂੰ ਵੀ ਸਵਾਲ ਪੁੱਛਾਂਗੇ। ਉਨ੍ਹਾਂ ਕਿਹਾ ਕਿ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਉਸ ‘ਚ WTO ਤੋਂ ਬਾਹਰ ਹੋਣ ਦੇ ਮੁੱਦੇ ‘ਤੇ ਤੁਹਾਡਾ ਕੀ ਸਟੈਂਡ ਹੋਵੇਗਾ? ਲਖੀਮਪੁਰ ਖੀਰੀ ਤੇ ਸ਼ੁਭਕਰਨ ਮਾਮਲੇ ‘ਤੇ ਦੋਸ਼ੀਆਂ ਨੂੰ ਕਿਵੇਂ ਸਜ਼ਾ ਮਿਲੇਗੀ?
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਵੀ ਕੁਝ ਮੰਗਾਂ, ਖਾਸ ਕਰਕੇ ਮਨਰੇਗਾ ਅਤੇ 200 ਦਿਨਾਂ ਤੋਂ 700 ਰੁਪਏ ਦਿਹਾੜੀ ਨਾਲ ਸਬੰਧਤ ਮੰਗਾਂ ‘ਤੇ ਸਫਾਈ ਨਹੀਂ ਦਿੱਤੀ ਹੈ।ਪੰਧੇਰ ਨੇ ਕਿਹਾ ਕਿ ਅਸੀਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਅਸੀਂ 23 ਅਪ੍ਰੈਲ ਦਾ ਸਮਾਂ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਖੇਤੀਬਾੜੀ ਮੰਤਰੀ ਨੂੰ ਆ ਕੇ ਉਨ੍ਹਾਂ ਨਾਲ ਗੱਲ ਕਰਨ।ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਰਿਹਾਅ ਕਰਨ ਤੋਂ ਭੱਜ ਰਹੀ ਹੈ। ਹਰਿਆਣਾ ਦੇ ਅਧਿਕਾਰੀਆਂ ਨੇ ਮੰਨ ਲਿਆ ਸੀ ਕਿ ਕਿਸਾਨਾਂ ਨੂੰ 16 ਅਪ੍ਰੈਲ ਤੱਕ ਰਿਹਾਅ ਕਰ ਦਿੱਤਾ ਜਾਵੇਗਾ।
ਪੰਧੇਰ ਨੇ ਕਿਹਾ ਕਿ ਅਸੀਂ ਰੇਲਾਂ ਨੂੰ ਰੋਕਣਾ ਨਹੀਂ ਚਾਹੁੰਦੇ, ਪਰ ਇਹ ਸਰਕਾਰ ਦੀ ਨਾਕਾਮੀ ਹੈ। ਸਰਕਾਰ ਨੇ ਆਪਣਾ ਵਾਅਦਾ ਤੋੜਿਆ ਹੈ। ਸਰਕਾਰ ਰੇਲ ਗੱਡੀਆਂ ਨੂੰ ਰੋਕਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਰੇਲ ਗੱਡੀਆਂ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਜਾ ਰਿਹਾ ਹੈ।