ਜਲੰਧਰ(ਵਿੱਕੀ ਸੂਰੀ):- ਜਲੰਧਰ ਵਿਚ ਨਗਰ ਨਿਗਮ ਦੇ ਇੱਕ ਸਰਕਾਰੀ ਸੀਵਰਮੈਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੌਬੀ ਸੌਂਧੀ (45) ਵਜੋਂ ਹੋਈ ਹੈ। ਜੋ ਕਿ 40 ਕੁਆਰਟਰ ਏਰੀਆ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸਿਟੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।ਜਾਣਕਾਰੀ ਅਨੁਸਾਰ ਸਰਕਾਰੀ ਸੀਵਰਮੈਨ ਵੱਲੋਂ 7 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿਣ ਲੱਗਾ। ਬੌਬੀ ਸ਼ਨੀਵਾਰ ਦੇਰ ਰਾਤ ਨਵੀਂ ਦਾਣਾ ਮੰਡੀ ਨੇੜੇ ਬੇਹੋਸ਼ੀ ਦੀ ਹਾਲਤ ‘ਚ ਮਿਲਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮ੍ਰਿਤਕ ਬੌਬੀ ਦੀ ਪਤਨੀ ਸੁਨੀਤਾ ਦਾ ਬੁਰਾ ਹਾਲ ਸੀ ਅਤੇ ਰੋ ਰਹੀ ਸੀ।

    ASI ਹਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਆਪਣੇ ਘਰ ਤੋਂ ਕੰਮ ’ਤੇ ਜਾਣ ਲਈ ਨਿਕਲਿਆ ਸੀ। ਉਨ੍ਹਾਂ ਦੀ ਡਿਊਟੀ ਨਗਰ ਨਿਗਮ ਵੱਲੋਂ ਬਸਤੀ ਖੇਤਰ ਵਿਚ ਲਗਾਈ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਂਕ ਤੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਪਰ ਉਸ ਦਾ ਕਰਜ਼ਾ 7 ਲੱਖ ਰੁਪਏ ਦਾ ਹੋ ਗਿਆ। ਜਿਸ ਕਾਰਨ ਬੌਬੀ ਕਾਫ਼ੀ ਪਰੇਸ਼ਾਨ ਸੀ। ਕਿਉਂਕਿ ਬੈਂਕ ਕਰਮਚਾਰੀ ਅਕਸਰ ਬੌਬੀ ਨੂੰ ਪੈਸਿਆਂ ਨੂੰ ਲੈ ਕੇ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਏਐਸਆਈ ਨੇ ਦੱਸਿਆ ਕਿ ਜਲਦੀ ਹੀ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕਰੇਗੀ। ਪਰਿਵਾਰ ਨੇ ਬੈਂਕ ਕਰਮਚਾਰੀਆਂ ‘ਤੇ ਦੋਸ਼ ਲਗਾਏ ਹਨ, ਇਸ ਲਈ ਪੁਲਿਸ ਉਨ੍ਹਾਂ ਤੱਥਾਂ ਦੀ ਜਾਂਚ ਕਰ ਰਹੀ ਹੈ।