ਖੰਨਾ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨਾਟਕ ਕੁੜੀ ਦੀ ਮੌਤ ਦਾ ਕਾਰਨ ਬਣ ਗਿਆ। ਜਾਣਕਾਰੀ ਮੁਤਾਬਕ 13 ਸਾਲਾ ਕੁੜੀ ਆਪਣੇ ਛੋਟੇ ਭਰਾ ਤੇ ਹੋਰ ਬੱਚਿਆਂ ਨਾਲ ਸੀਰੀਅਲ ਦੇਖ ਰਹੀ ਸੀ ਤੇ ਦੇਖਦੀ-ਦੇਖਦੀ ਹੋ ਨਾਟਕ ਦੀ ਨਕਲ ਕਰਨ ਲੱਗ ਪਈ। ਮ੍ਰਿਤਕ ਦੀ ਪਛਾਣ ਅਨੀਤਾ ਵਜੋਂ ਹੋਈ ਹੈ। ਅਨੀਲਾ ਸਟੂਲ ‘ਤੇ ਚੜ੍ਹ ਕੇ ਨਾਟਕ ਦੀ ਨਕਲ ਕਰ ਰਹੀ ਸੀ। ਨਕਲ ਕਰਦਿਆਂ ਉਸ ਨੇ ਇਕ ਤਾਰ ਲੈ ਕੇ ਆਪਣੀ ਗਰਦਨ ਵਿਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਮੇਜ਼ ‘ਤੇ ਚੜ੍ਹ ਕੇ ਕੀਤੀ। ਸਟੂਲ ਟੁੱਟਣ ਕਾਰਨ ਕੁੜੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਤਾਰ ਨਾਲ ਲਟਕ ਗਈ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਅਨੀਤਾ 8ਵੀਂ ਜਮਾਤ ਦੀ ਵਿਦਿਆਰਥਣ ਸੀ। ਬਾਕੀ ਬੱਚੇ ਇਹ ਸਾਰਾ ਕੁਝ ਵੇਖ ਕੇ ਡਰ ਗਏ ਅਤੇ ਉਨ੍ਹਾਂ ਨੇ ਗਲੀ ‘ਚ ਜਾ ਕੇ ਰੌਲਾ ਪਾਇਆ। ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਤਾਂ ਅਨੀਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਹ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਦੀ ਨਕਲ ਕਰਦਿਆਂ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਖਤਮ ਹੋ ਜਾਵੇਗੀ।