ਪਿੰਡ ਤਲਵੰਡੀ ਮਹਿਮਾ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੇਰ ਸ਼ਾਮ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ, ਜਿਸ ‘ਚ ਰਾਜਕੁਮਾਰ ਦੇ ਸਿਰ ‘ਤੇ ਸੱਟਾਂ ਲੱਗਣ ਕਾਰਨ ਉਸ ਦਾ ਲੜਕਾ ਜਸਪ੍ਰੀਤ ਸਿੰਘ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਾਰਡ ‘ਚ ਇਲਾਜ ਲਈ ਲੈ ਕੇ ਆਇਆ ਸੀ।
ਕਪੂਰਥਲਾ : ਸਿਵਲ ਹਸਪਤਾਲ ਕਪੂਰਥਲਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਨੌਜਵਾਨਾਂ ਵੱਲੋਂ ਐਮਰਜੈਂਸੀ ਵਾਰਡ ਦੇ ਬਾਹਰ ਲੜਾਈ ਝਗੜੇ ‘ਚ ਜ਼ਖ਼ਮੀ ਹੋਏ ਆਪਣੇ ਪਿਤਾ ਦਾ ਇਲਾਜ ਕਰਵਾਉਣ ਆਏ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮਹਿਮਾ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੇਰ ਸ਼ਾਮ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ, ਜਿਸ ‘ਚ ਰਾਜਕੁਮਾਰ ਦੇ ਸਿਰ ‘ਤੇ ਸੱਟਾਂ ਲੱਗਣ ਕਾਰਨ ਉਸ ਦਾ ਲੜਕਾ ਜਸਪ੍ਰੀਤ ਸਿੰਘ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਾਰਡ ‘ਚ ਇਲਾਜ ਲਈ ਲੈ ਕੇ ਆਇਆ ਸੀ। ਇਸੇ ਦੌਰਾਨ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਜਸਪ੍ਰੀਤ ਸਿੰਘ ‘ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਕਾਰ ‘ਚ ਐਮਰਜੈਂਸੀ ਵਾਰਡ ਦੇ ਬਾਹਰ ਬੈਠਾ ਸੀ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ ‘ਤੇ ਵਾਰ ਕੀਤੇ, ਜਿਸ ਕਾਰਨ ਜਸਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ (ਡੀ) ਸਰਬਜੀਤ ਰਾਏ, ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ, ਐਸਐਚਓ ਥਾਣਾ ਸਿਟੀ ਅਰਬਨ ਸਟੇਟ ਮਨਜੀਤ ਸਿੰਘ ਮੌਕੇ ‘ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵਲੋਂ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ‘ਚ ਰਖਵਾ ਦਿੱਤਾ ਹੈ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 8 ਮੁਲਜ਼ਮਾਂ ਖਿਲਾਫ ਬਾਈਨੇਮ ਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।