Skip to content
ਬਟਾਲਾ ਵਿਚ ਇੱਕ ਸ਼ੋਅਰੂਮ ਮਾਲਕ ਵੱਲੋਂ ਖੁਦ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਸ਼ੋਅਰੂਮ ਤੋਂ ਬਾਹਰ ਆਉਂਦਾ ਹੈ ਤਾਂ ਉਸ ‘ਤੇ ਕੁਝ ਨੌਜਵਾਨ ਗੋਲੀਆਂ ਚਲਾ ਦਿੰਦੇ ਹਨ, ਤੇ ਸ਼ੋਅਰੂਮ ਮਾਲਕ ਸੜਕ ‘ਤੇ ਡਿੱਗ ਜਾਂਦਾ ਹੈ। ਪਰ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਸਭ ਫੇਕ ਫਾਇਰਿੰਗ ਸੀ।
ਇਸ ਸਬੰਧੀ SSP ਸੋਹੇਲ ਕਾਸਿਮ ਮੀਰ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਸਾਰੇ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ। ਦਰਅਸਲ ਸ਼ੋਅਰੂਮ ਮਾਲਕ ਨੇ ਫਿਰੌਤੀ ਦੀ ਆੜ ਵਿਚ ਸਕਿਓਰਿਟੀ ਲੈਣ ਲਈ ਖੁਦ ‘ਤੇ ਗੋਲੀਆਂ ਚਲਵਾਈਆਂ ਸਨ। ਇਹ ਸਾਰੀ ਸਾਜ਼ਿਸ਼ ਸ਼ੋਅਰੂਮ ਮਾਲਕ ਨੇ ਖੁਦ ਰਚੀ ਸੀ। ਇਸ ਮਾਮਲੇ ਵਿਚ ਸੋਅਰੂਮ ਮਾਲਕ ਸਿੰਘ ਸਣੇ ਇਸ ਵਾਰਦਾਤ ਵਿਚ ਸ਼ਾਮਲ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਐੱਸ.ਐਸ.ਪੀ. ਬਟਾਲਾ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਸ਼ੋਅਰੂਮ ਮਾਲਕ ਵਰਿੰਦਰ ਸਿੰਘ ਵਿੱਕੀ ਨੇ ਆਪਣੇ ‘ਤੇ ਖੁਦ ਗੋਲੀਆਂ ਚਲਵਾਈਆਂ। ਉਹ ਪੁਲਿਸ ਕੋਲੋਂ ਸਕਿਓਰਿਟੀ ਲੈਣਾ ਚਾਹੁੰਦਾ ਸੀ। ਵਰਿੰਦਰ ਸਿੰਘ ਵਿੱਕੀ ਰਾਤ ਨੂੰ 9 ਵਜੇ ਦੁਕਾਨ ਬੰਦ ਕਰਦਾ ਹੈ ਪਰ ਸੂਟਰਾਂ ਨੇ 29 ਅਪ੍ਰੈਲ 2025 ਨੂੰ ਗੋਲੀਆਂ ਚਲਾਉਣੀਆਂ ਸਨ ਤੇ ਉਹ ਇਸ ਸਮੇਂ ‘ਤੇ ਨਹੀਂ ਪਹੁੰਚ ਸਕੇ ਤੇ ਇਹ ਉਥੇ ਉਡੀਕ ਕਰਦਾ ਰਿਹਾ ਕਿ ਉਹ ਆ ਕੇ ਗੋਲੀਆਂ ਚਲਾਉਣ ਤੇ ਫਿਰ ਉਹ ਉਥੋਂ ਜਾਏਗਾ।
ਸ਼ੂਟਿੰਗ ਮਾਡਿਊਲ ਦਾ ਹੈਂਡਲ ਵਿਸ਼ਾਲ ਸ਼ੂਟਰ ਨੌਜਵਾਨਾਂ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਸ਼ੋਅਰੂਮ ਮਾਲਕ ਤੁਹਾਨੂੰ ਉਡੀਕ ਕਰਦਾ ਪਿਆ ਹੈ, ਛੇਤੀ ਪਹੁੰਚ ਜਾਓ। ਦਿਲਚਸਪ ਗੱਲ ਇਹ ਹੈ ਕਿ ਜਦੋਂ ਉਹ ਦੁਕਾਨ ਦੇ ਲਾਗੇ ਪਹੁੰਤੇ ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਸਾਡਾ ਟਾਰਗੇਟ ਇਹ ਹੈ ਜਾਂ ਨਹੀਂ ਤਾਂ ਉਹ ਅੱਗੇ ਚਲੇ ਗਏ ਤਾਂ ਵਿੱਕੀ ਨੇ ਦੁਬਾਰਾ ਹੈਂਡਲਰ ਨੂੰ ਫੋਨ ਕਰਕੇ ਕਿਹਾ ਕਿ ਉਹ ਟਾਰਗੇਟ ਤੋਂ ਅੱਗੇ ਨਿਕਲ ਗਏ ਹਨ ਤਾਂ ਫਿਰ ਨੌਜਵਾਨਾਂ ਨੂੰ ਫੋਨ ਕਰਕੇ ਪਿੱਛੇ ਆਉਣ ਲਈ ਕਿਹਾ ਗਿਆ। ਫਿਰ ਉਹ ਪਿੱਛੇ ਆ ਗਏ ਤੇ ਉਨ੍ਹਾਂ ਨੇ ਉਥੇ ਆ ਕੇ ਗੋਲੀਆਂ ਚਲਾਈਆਂ।
ਇਸ ਦੇ ਨਾਲ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਹ ਵਾਰਦਾਤ ਕਰਨ ਲਈ ਸ਼ੋਅਰੂਮ ਮਾਲਕ ਨੇ ਕੱਪੜਿਆਂ ਦਾ ਇੱਕ ਪਾਰਸਲ ਬਣਾਇਆ, ਉਸ ਵਿਚ 26,000 ਰੁਪਏ ਦੇ ਕੱਪੜੇ, 12000 ਦਾ ਕੋਰੀਅਰ ਆਪਣੇ ਪਿਤਾ ਰਾਹੀਂ ਰਣਜੋਧ ਸਿੰਘ ਨੂੰ ਇੰਗਲੈਂਡ ਭੇਜਿਆ, ਜਿਸ ਦੇ ਰਾਹੀਂ ਉਹ ਇਹ ਕੰਮ ਕਰਵਾਉਣਾ ਚਾਹੁੰਦਾ ਸੀ। ਸ਼ੂਟਿੰਗ ਮਾਡਿਊਲ ਨੂੰ ਉਸ ਨੇ 50 ਹਜ਼ਾਰ ਰੁਪਏ ਦੇਣੇ ਸੀ ਪਰ ਗ੍ਰਿਫਤਾਰ ਹੋਣ ਤੱਕ ਉਨ੍ਹਾਂ ਕੋਲ ਸਿਰਫ 3500 ਰੁਪਏ ਆਏ ਸਨ। ਸ਼ੋਅਰੂਮ ਮਾਲਕ ਵਰਿੰਦਰ ਸਿੰਘ ਵਿੱਕੀ ਨੇ ਸਾਜ਼ਿਸ਼ ਦੀ ਗੱਲ ਮੰਨ ਲਈ ਕਿ ਉਸ ਨੇ ਹੀ ਇਹ ਸਾਰੀ ਸਾਜ਼ਿਸ਼ ਰਚੀ ਸੀ। ਇਸ ਤੋਂ ਇਲਾਵਾ ਗੁਰਪ੍ਰੀਤ ਗੋਪੀ, ਵਿਸ਼ਾਲ ਦਾ ਪਿਤਾ ਗੁਰਮੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
Post Views: 2,031
Related