ਫਰੀਦਕੋਟ (ਵਿਪਨ ਮਿੱਤਲ): ਪੰਜਾਬ ਦੀ ਫਾਜ਼ਿਲਕਾ ਅਤੇ ਫਰੀਦਕੋਟ ਪੁਲਿਸ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ 9 ਸਾਲਾਂ ਤੋਂ ਫਰਾਰ ਨੇਚਰ ਹਾਈਟਸ ਇਨਫਰਾ ਘੁਟਾਲੇ ਦੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਫ਼ਾਜ਼ਿਲਕਾ ਅਤੇ ਫ਼ਰੀਦਕੋਟ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਦੋਸ਼ੀ ਨੂੰ ਉੱਤਰਾਖੰਡ ਦੇ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।


ਡੀਜੀਪੀ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੀਰਜ ਠੱਠਾਈ ਉਰਫ ਨੀਰਜ ਅਰੋੜਾ ਪਿਛਲੇ 9 ਸਾਲਾਂ ਤੋਂ ਭਗੌੜਾ ਸੀ। ਮੁਲਜ਼ਮਾਂ ਨੇ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਧੋਖਾਧੜੀ ਕੀਤੀ ਸੀ। ਉਸ ਖਿਲਾਫ ਪੰਜਾਬ-ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ 108 FIR ਦਰਜ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਲਗਜ਼ਰੀ BMW ਕਾਰ, ਮੋਬਾਈਲ ਫ਼ੋਨ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।