ਫਰੀਦਕੋਟ  (ਵਿਪਨ ਮਿੱਤਲ) : ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਸਬੰਧੀ ਭਗਵਾਨ ਪਰਸ਼ੂਰਾਮ ਮੰਦਰ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਬ੍ਰਾਹਮਣ ਸਭਾ ਦੀ ਮੀਟਿੰਗ ਹੋਈ । ਇਹ ਮੀਟਿੰਗ ਬ੍ਰਾਹਮਣ ਸਭਾ ਰਜਿ ਫਰੀਦਕੋਟ ਅਤੇ ਭਗਵਾਨ ਪਰਸ਼ੂਰਾਮ ਧਰਮਾਰਥ ਸੰਮਤੀ ਦੇ ਸਮੂਹ ਟਰੱਸਟੀ ਮੈਂਬਰਾਂ ਦੀ ਸਾਂਝੀ ਮੀਟਿੰਗ ਸੁਖਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 29 ਅਪ੍ਰੈਲ ਦਿਨ ਮੰਗਲਵਾਰ ਨੂੰ ਭਗਵਾਨ ਪਰਸ਼ੂਰਾਮ ਜੈਯੰਤੀ ਸਬੰਧੀ ਹਰ ਸਾਲ ਦੀ ਤਰ੍ਹਾਂ ਧਾਰਮਿਕ ਸਮਾਗਮ ਕਰਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ । ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਸੁਖਮੰਦਰ ਪਾਲ ਬਿੰਦਰ ਸ਼ਰਮਾ ਟੱਪੀ ਵਾਲਿਆਂ ਨੇ ਦੱਸਿਆ ਕਿ ਸੁਭਾ 7-30 ਤੋਂ 8-30 ਵਜੇ ਤੱਕ ਹਵਨ ਯੱਗ ਹੋਵੇਗਾ। ਇਸ ਉਪਰੰਤ ਮੰਦਰ ਨਿਰਮਾਣ ਵਿਚ ਆਪਣੇ ਦਸਵੰਧ ਰਾਹੀਂ ਯੋਗਦਾਨ ਪਾਉਣ ਵਾਲੇ ਸਭਾ ਦੇ ਸਹਿਯੋਗੀ ਦਾਨੀ ਸੱਜਣਾਂ ਅਤੇ ਨਾਮਵਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ 9-00 ਵਜੇ ਤੋਂ 11-00 ਵਜੇ ਤੱਕ ਕਥਾ ਕੀਰਤਨ ਦੌਰਾਨ ਉੱਚ ਕੋਟੀ ਦੇ ਨਾਮਵਰ ਭਜਨ ਮੰਡਲੀ ਵਲੋਂ ਪ੍ਰਭੂ ਗੁਣ ਗਾਇਨ ਕੀਤਾ ਜਾਵੇਗਾ। ਸਮਾਗਮ ਉਪਰੰਤ ਲੰਗਰ ਭੰਡਾਰਾ ਵਰਤਾਇਆ ਜਾਵੇਗਾ। ਇਸ ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਵਜੋਂ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਪੰਡਿਤ ਮਦਨ ਲਾਲ ਸ਼ਰਮਾ ਰਿਟਾਇਰ ਲੈਕਚਰਾਰ ਨੂੰ ਸਰਵ ਸੰਮਤੀ ਨਾਲ ਜ਼ਿੰਮੇਵਾਰੀ ਸੌਂਪੀ ਗਈ । ਇਸ ਮੌਕੇ ਹਾਜ਼ਰ ਸਭਾ ਦੇ ਕੈਸ਼ੀਅਰ ਹੰਸ ਰਾਜ ਸ਼ਰਮਾ, ਸਮਾਜ ਸੇਵੀ ਨਵੀਨ ਰਾਬੜਾ ਐਡਵੋਕੇਟ ਰਾਮ ਕ੍ਰਿਸ਼ਨ ਸ਼ਰਮਾ ਪ੍ਰਦੀਪ ਸ਼ਰਮਾ ਰਿਟਾਇਰ ਬੀ ਐਸ ਐਫ, ਪੰਡਿਤ ਜਸਵਿੰਦਰ ਪਾਲ ਜੱਸੂ ਸ਼ਰਮਾ, ਪਵਨ ਸ਼ਰਮਾ ਸੁੱਖਣ ਵਾਲਾ, ਮੰਦਰ ਦੇ ਪੁਜਾਰੀ ਭਿਵਾਨੀ ਸ਼ੰਕਰ ਜੀ ਸਮੇਤ ਸਮੂਹ ਟਰੱਸਟੀ ਮੈਂਬਰਾਂ ਬ੍ਰਾਹਮਣ ਸਭਾ ਦੇ ਸੇਵਦਾਰ ਸ਼ਰਧਾਲੂਆਂ ਦੀਆਂ ਡਿਊਟੀਆਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਤੌਰ ਤੇ ਲਗਾਈਆਂ ਗਈਆਂ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਪ੍ਰਧਾਨ ਸੁਖਦੇਵ ਸ਼ਰਮਾ ਵਲੋਂ ਮੰਦਰ ਨਿਰਮਾਣ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਪਰੰਤ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਕਿਤਾਬਾਂ ਵਰਦੀਆਂ ਤੋਂ ਇਲਾਵਾ ਮੈਡੀਕਲ ਕੈਂਪ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਲਈ ਯਤਨ ਕੀਤੇ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਸਮਾਪਤੀ ਦੌਰਾਨ ਸਮੂਹ ਹਾਜ਼ਰ ਮੈਂਬਰਾਂ ਵਲੋਂ ਭਗਵਾਨ ਪਰਸ਼ੂਰਾਮ ਜੀ ਦੇ ਜੈਕਾਰਿਆਂ ਦੀ ਗੂੰਜ ਵਿੱਚ ਆਪਸੀ ਤਾਲਮੇਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਤਨਦੇਹੀ ਨਾਲ ਯਤਨਸ਼ੀਲ ਰਹਿਣ ਦਾ ਪ੍ਰਣ ਕੀਤਾ ਗਿਆ।