Skip to content
ਫਰੀਦਕੋਟ, 2 ਫਰਵਰੀ (ਵਿਪਨ ਕੁਮਾਰ ਮਿਤੱਲ) – ਯੂਥ ਫਰੀਡਮ ਫ਼ਾਈਟਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਇੱਕ ਵਫਦ ਮਾਨਯੋਗ ਸਪੀਕਰ ਕੁਲਤਾਰ ਸੰਧਵਾਂ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਿਲਿਆ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਵਫਦ ਨੇ ਸਪੀਕਰ ਸਾਹਿਬ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਬੰਧ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਦੱਸਿਆ।ਨੌਜਵਾਨ ਆਗੂਆਂ ਨੇ ਦੱਸਿਆ ਕਿ ਸੁਤੰਤਰਤਾ ਸੈਨਾਨੀ ਕੋਟੇ ਦੀਆਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਸੈਂਕੜੇ ਪੋਸਟਾਂ ਦਾ ਬੈਕਲਾਗ ਨਹੀਂ ਭਰਿਆ ਜਾ ਰਿਹਾ। ਸਿੱਟੇ ਵਜੋਂ ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਯੋਗ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ। ਫਰੀਡਮ ਫ਼ਾਈਟਰ ਆਗੂਆਂ ਨੇ ਏ ਵੀ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ 2019 ਵਿੱਚ ਈ.ਟੀ.ਟੀ. ਦੀਆਂ ਭਰਤੀ ਵਿੱਚ 58 ਪੋਸਟਾਂ ਸੁਤੰਤਰਤਾ ਸੈਨਾਨੀ ਬੈਕਲਾਗ ਦੀਆਂ ਦਿੱਤੀਆਂ ਸਨ ਅਤੇ ਮਾਸਟਰ ਕੇਡਰ ਚ ਵੀ ਕੁੱਜ ਪੋਸਟਾਂ ਦਿੱਤੀਆਂ ਸਨ। ਵਫ਼ਦ ਨੇ ਸਪੀਕਰ ਜੀ ਨੂੰ ਇਹ ਮੰਗ ਵੀ ਰੱਖੀ ਕਿ ਪੰਜਾਬ ਸਰਕਾਰ ਦੀਆਂ ਵੱਖ ਵੱਖ ਭਰਤੀਆ ਵਿੱਚ ਸੁਤੰਤਰਤਾ ਸੈਨਾਨੀ ਕੋਟੇ ਵਿੱਚ ਭਰਤੀ ਮੁਲਾਜ਼ਮਾਂ ਨੂੰ ਤਰੱਕੀ ਦੇ ਮੌਕੇ ਦਿੱਤੇ ਜਾਣ ਜਿਦਾਂ ਐਸ ਸੀ/ਬੀ ਸੀ ਕੋਟੇ ਨੂੰ ਦਿੱਤੇ ਜਾਂਦੇ ਹਨ। ਵਫਦ ਵਿੱਚ ਸ਼ਾਮਲ ਆਗੂਆਂ ਨੇ ਸਪੀਕਰ ਜੀ ਨੂੰ ਸੁਤੰਤਰਤਾ ਸੈਨਾਨੀ ਕੋਟੇ ਦੇ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਾਰੇ ਕੋਰਸਾਂ ਵਿੱਚ ਫੀਸਾਂ ਵਿੱਚ ਛੋਟ ਦੇਣ, ਨੌਕਰੀ ਲਈ ਉਮਰ ਸੀਮਾ ਨੂੰ 37 ਤੋਂ ਵਧਾ ਕੇ 42 ਸਾਲ ਕਰਨ ਤੇ ਸੁਤੰਤਰਤਾ ਸੈਨਾਨੀ ਕੋਟਾ ਇੱਕ ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕਰਨ, ਕੱਚੇ ਨੌਕਰੀ ਕਰਦੇ ਫਰੀਡਮ ਫ਼ਾਈਟਰ ਪਰਿਵਾਰਾਂ ਦੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰਨ, ਦੀ ਮੰਗ ਵੀ ਰੱਖੀ। ਇਹ ਵੀ ਜਾਣੂ ਕਰਵਾਇਆ ਕਿ ਸੁਤੰਤਰਤਾ ਸੈਨਾਨੀ ਕੋਟੇ ਦੀ ਕੁੱਜ ਪੋਸਟਾਂ ਵਿੱਚ ਰਿਜ਼ਰਵੇਸ਼ਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਪੰਜਾਬ ਐਸ ਐਸ ਐਸ ਬੋਰਡ ਵੱਲੋ ਡਰਾਈਵਰ ਅਤੇ ਫਾਇਰਮੈਂਨ ਭਰਤੀ ਇਸ਼ਤਿਹਾਰ ਨੰਬਰ 1/2023 ਵਿੱਚ ਤਕਰੀਬਨ 1300 ਪੋਸਟਾਂ ਸਨ ਜਿਸ ਵਿੱਚ 1% ਕੋਟੇ ਮੁਤਾਬਿਕ 13 ਪੋਸਟਾਂ ਬਣਦੀਆਂ ਸਨ ਪਰ ਅਫਸੋਸ ਇੱਕ ਵੀ ਪੋਸਟ ਫਰੀਡਮ ਫ਼ਾਈਟਰ ਕੋਟੇ ਦੇ ਹਿੱਸੇ ਨਹੀਂ ਆਈ। ਇਸੇ ਤਰਾਂ ਬਿਜਲੀ ਵਿਭਾਗ ਚ ਅਪ੍ਰੇਨਟਸ਼ੀਪ ਵਿੱਚ ਕੋਈ ਸੀਟ ਨਹੀਂ ਦਿੱਤੀ ਗਈ। ਵਫਦ ਨੇ ਇਹ ਵੀ ਕਿਹਾ ਕਿ ਡਿਮਾਂਡ ਸਰਵੇ ਕਰਵਾ ਕੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਯੋਗ ਨੌਜਵਾਨਾਂ ਨੂੰ ਯੋਗਤਾ ਦੇ ਅਧਾਰ ‘ਤੇ ਨੌਕਰੀ ਸਨਮਾਨ ਵਜੋਂ ਦੇਣ ਦੀ ਮੰਗ ਕੀਤੀ। ਵਫਦ ਵੱਲੋਂ ਰੱਖੀਆਂ ਸਾਰੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਸਪੀਕਰ ਸੰਧਵਾਂ ਜੀ ਨੇ ਧਿਆਨ ਨਾਲ ਸੁਣਿਆ ਤੇ ਮੰਗ ਪੱਤਰ ‘ਤੇ ਵਿਚਾਰ ਕਰ ਕੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ। ਵਫਦ ਵਿੱਚ ਵੈੱਲਫੇਅਰ ਐਸੋਸੀਏਸ਼ਨ ਦੇ ਨੌਜਵਾਆਨ ਆਗੂ ਪ੍ਰਦੀਪ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਚਿਨ ਸੇਠੀ ਆਦਿ ਮੌਜੂਦ ਸਨ।
Post Views: 2,244
Related