ਵੀਰਵਾਰ ਸਵੇਰੇ ਲਖਨਊ ਵਿੱਚ ਇੱਕ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਡਬਲ-ਡੈਕਰ ਬੱਸ, ਜਿਸ ਵਿੱਚ ਲਗਭਗ 60 ਯਾਤਰੀ ਸਵਾਰ ਸਨ, ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ ਕਿ ਉਦੋਂ ਹੀ ਇਹ ਹਾਦਸਾ ਵਾਪਰ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਮ੍ਰਿਤਕਾਂ ਵਿੱਚ 2 ਬੱਚੇ, 2 ਔਰਤਾਂ ਅਤੇ 1 ਆਦਮੀ ਸ਼ਾਮਲ ਹੈ। ਇਹ ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ। ਇਹ ਹਾਦਸਾ ਸਵੇਰੇ 5 ਵਜੇ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਹੋਏ ਸਨ। ਯਾਤਰੀਆਂ ਦੇ ਅਨੁਸਾਰ, ਚੱਲਦੀ ਬੱਸ ਅਚਾਨਕ ਧੂੰਏਂ ਨਾਲ ਭਰ ਗਈ, ਜਿਸ ਕਾਰਨ ਦਹਿਸ਼ਤ ਫੈਲ ਗਈ। ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ। ਚਸ਼ਮਦੀਦਾਂ ਅਨੁਸਾਰ, ਬੱਸ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ। ਡਰਾਈਵਰ ਦੀ ਸੀਟ ਦੇ ਨੇੜੇ ਇੱਕ ਵਾਧੂ ਸੀਟ ਹੋਣ ਕਾਰਨ ਯਾਤਰੀਆਂ ਨੂੰ ਹੇਠਾਂ ਉਤਰਨ ਵਿੱਚ ਮੁਸ਼ਕਲ ਆਈ। ਬਹੁਤ ਸਾਰੇ ਯਾਤਰੀ ਕਾਹਲੀ ਵਿੱਚ ਉਤਰਦੇ ਸਮੇਂ ਫਸ ਗਏ ਅਤੇ ਡਿੱਗ ਪਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਬਚਾਅ ਕਾਰਜ ਦੀ ਜ਼ਿੰਮੇਵਾਰੀ ਸੰਭਾਲ ਲਈ। ਪੁਲਿਸ ਨੇ ਮ੍ਰਿਤਕ ਯਾਤਰੀਆਂ ਦੀਆਂ ਲਾਸ਼ਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਪੋਸਟਮਾਰਟਮ ਲਈ ਭੇਜ ਦਿੱਤਾ।