ਕੋਟਕਪੂਰਾ(ਵਿਪਨ ਮਿੱਤਲ ,ਪ੍ਰਬੋਧ ਸ਼ਰਮਾ):-: ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਗਊ ਸੇਵਕਾਂ ਦੀ ਮਦਦ ਨਾਲ ਪੁਲਿਸ ਨੇ ਗਊਆਂ ਦਾ ਭਰਿਆ ਇਕ ਟਰੱਕ ਤੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਦੌਰਾਨ ਤਿੰਨ-ਚਾਰ ਤਸਕਰ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜਣ ’ਚ ਕਾਮਯਾਬ ਹੋ ਗਏ।ਗਊ ਰਕਸ਼ਾ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਨੇ ਦੱਸਿਆ ਕਿ ਗੁਪਤਾ ਸੂਚਨਾ ਮਿਲੀ ਸੀ ਕਿ ਬਠਿੰਡਾ ਵਾਲੇ ਪਾਸਿਓਂ ਇਕ ਟਰੱਕ ’ਚ ਲੱਦ ਕੇ ਗਊਆਂ ਜੰਮੂ-ਕਸ਼ਮੀਰ ਲਿਜਾਈਆਂ ਜਾ ਰਹੀਆਂ ਹਨ। ਟਰੱਕ ਨੂੰ ਨਾਕਿਆਂ ਤੋਂ ਬਚਾਉਣ ਲਈ ਇਕ ਸਵਿਫਟ ਕਾਰ ਟਰੱਕ ਤੋਂ ਅੱਗੇ-ਅਗੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਨੂੰ ਗਊ ਸੇਵਕਾਂ ਨੇ ਉਕਤ ਕਾਰ ਨੂੰ ਰੋਕਿਆ ਤਾਂ ਉਸ ’ਚ ਸਵਾਰ ਤਿੰਨ-ਚਾਰ ਗਊ ਤਸਕਰ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜ ਗਏ। ਹਾਲਾਂਕਿ ਕਾਰ ਦਾ ਡਰਾਈਵਰ ਗਿ੍ਰਫ਼ਤਾਰ ਕਰ ਲਿਆ ਗਿਆ। ਸੂਚਨਾ ਦਿੱਤੇ ਜਾਣ ’ਤੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਇਸ ਤੋਂ ਬਾਅਦ ਟਰੱਕ ਵੀ ਰੋਕ ਲਿਆ ਗਿਆ। ਟਰੱਕ ’ਚੋਂ 18 ਗਊਆਂ ਤੇ ਢੱਠੇ ਬਰਾਮਦ ਕੀਤੇ ਗਏ। ਪੁਲਿਸ ਨੇ ਗਊਆਂ ਬਾਬਾ ਮਲਕੀਤ ਦਾਸ ਦੀ ਗਊਸ਼ਾਲਾ ਭੇਜ ਕੇ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਐੱਸਐੱਚਓ ਮਨੋਜ ਕੁਮਾਰ, ਏਐੱਸਆਈ ਸੁਖਜੀਤ ਸਿੰਘ ਨੇ ਦੱਸਿਆ ਕਿ ਗਊ ਤਸਕਰੀ ਮਾਮਲੇ ’ਚ ਕਾਰ ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।