Skip to content
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਦੇ ਫਿਲੌਰ ਨੇੜੇ ਖ਼ਰਾਬ ਸੜਕ ਹੋਣ ਕਾਰਨ ਅੱਧੀ ਰਾਤ ਨੂੰ ਹੋਏ ਹਾਦਸੇ ਵਿਚ ਇੱਕ ਔਰਤ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਵਸਨੀਕ ਸੜਕਾਂ ‘ਤੇ ਉਤਰ ਆਏ, ਵਿਰੋਧ ਪ੍ਰਦਰਸ਼ਨ ਕੀਤਾ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਫਿਲੌਰ ਪੁਲਿਸ ਸਟੇਸ਼ਨ ਤੋਂ ਪੁਲਿਸ ਭੀੜ ਨੂੰ ਸ਼ਾਂਤ ਕਰਨ ਲਈ ਪਹੁੰਚੀ। ਜਦੋਂ ਭੀੜ ਨੇ ਸ਼ਾਂਤ ਹੋਣ ਤੋਂ ਇਨਕਾਰ ਕਰ ਦਿੱਤਾ, ਤਾਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ।
ਖਰਾਬ ਸੜਕ ਹੋਣ ਕਾਰਨ ਹੋਏ ਹਾਦਸੇ ਲਈ ਫਿਲੌਰ ਦੇ ਬਲਾਕ ਵਿਕਾਸ ਅਧਿਕਾਰੀ (ਬੀਡੀਪੀਓ) ਨੂੰ ਮੁਅੱਤਲ ਕਰ ਦਿੱਤਾ ਗਿਆ। ਫਿਲੌਰ ਪੁਲਿਸ ਨੇ ਦੇਰ ਰਾਤ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸ ਦਾ ਪੁੱਤਰ, ਜੋ ਬਾਈਕ ਚਲਾ ਰਿਹਾ ਸੀ, ਸੁਰੱਖਿਅਤ ਹੈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਹਾਦਸਾ ਪਿੰਡ ਨਯਾ ਸ਼ਹਿਰ ਰੋਡ ‘ਤੇ ਵਾਪਰਿਆ। ਔਰਤ ਆਪਣੇ ਪੁੱਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ। ਸੜਕ ‘ਤੇ ਪਾਣੀ ਭਰਨ ਕਾਰਨ ਮੋਰਟਸਾਈਕਲ ਫਿਸਲ ਗਿਆ। ਔਰਤ ਸੜਕ ‘ਤੇ ਡਿੱਗ ਪਈ ਅਤੇ ਟਰੱਕ ਦਾ ਟਾਇਰ ਉਸ ਦੇ ਸਿਰ ਉੱਤੋਂ ਦੀ ਲੰਘ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਿੰਡ ਵਾਸੀ ਸੜਕਾਂ ‘ਤੇ ਉਤਰ ਆਏ ਅਤੇ ਇਸ ਘਟਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਰਾਤ 11 ਵਜੇ ਉਨ੍ਹਾਂ ਨੇ ਅੱਪਰਾ ਤੋਂ ਫਿਲੌਰ ਜਾਣ ਵਾਲੀ ਨਯਾ ਸ਼ਹਿਰ ਰੋਡ ਨੂੰ ਜਾਮ ਕਰ ਦਿੱਤਾ। ਇਸ ਕਾਰਨ ਲੰਬਾ ਟ੍ਰੈਫਿਕ ਜਾਮ ਹੋ ਗਿਆ ਜਿਸ ਨੂੰ ਸਾਫ਼ ਕਰਨ ਲਈ ਪੁਲਿਸ ਨੂੰ ਘੰਟਿਆਂ ਬੱਧੀ ਲੱਗ ਗਿਆ।
Post Views: 2,002
Related