ਭਾਰਤ-ਪਾਕਿਸਤਾਨ ਵਿਚ 4 ਦਿਨਾਂ ਤੱਕ ਹੋਏ ਫੌਜੀ ਸੰਘਰਸ਼ ਦੇ ਬਾਅਦ ਸ਼ਨੀਵਾਰ ਸ਼ਾਮ 5 ਵਜੇ ਦੇ ਬਾਅਦ ਜੰਗਬੰਦੀ ਕਰ ਦਿੱਤੀ ਗਈ। ਸੀਜ਼ਫਾਇਰ ਮਗਰੋਂ ਅੱਜ ਦੋਵੇਂ ਦੇਸ਼ਾਂ ਦੇ DGMO ਦੁਪਹਿਰ 12 ਵਜੇ ਸਿੱਧੀ ਗੱਲਬਾਤ ਕਰਨਗੇ ਜਿਸ ਦੇ ਬਾਅਦ ਪਤਾ ਲੱਗੇਗਾ ਕਿ ਇਹ ਸ਼ਾਂਤੀ ਸਥਾਈ ਹੋਵੇਗੀ ਜਾਂ ਫਿਰ ਤੋਂ ਤਣਾਅ ਭੜਕਣ ਦਾ ਖਦਸ਼ਾ ਹੈ। ਭਾਰਤ ਪਹਿਲਾਂ ਹੀ ਇਸ ਮਾਮਲੇ ਵਿਚ ਕਿਸੇ ਤੀਜੇ ਦੇਸ਼ ਦੀ ਐਂਟਰੀ ਨੂੰ ਨਕਾਰ ਚੁੱਕਾ ਹੈ। ਲੈਫਟੀਨੈਂਟ ਜਨਰਲ ਰਾਜੀਵ ਘਈ DGMO ਭਾਰਤ ਤੇ ਮੇਜਰ ਜਨਰਲ ਕਾਸ਼ਿਫ ਅਬਦੁੱਲਾ DGMO ਪਾਕਿਸਤਾਨ ਅੱਜ ਦੁਪਹਿਰ 12 ਵਜੇ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਅੱਜ ਸਵੇਰੇ ਫੌਜ ਦਾ ਬਿਆਨ ਆਇਆ। ਇਸ ਵਿਚ ਕਿਹਾ ਗਿਆ ਕਿ ਬੀਤੀ ਰਾਤ ਜੰਮੂ-ਕਸ਼ਮੀਰ ਤੇ ਇੰਟਰਨੈਸ਼ਨਲ ਬਾਰਡਰ ਨਾਲ ਲੱਗੇ ਇਲਾਕਿਆਂ ਵਿਚ ਪੂਰੀ ਤਰ੍ਹਾਂ ਸ਼ਾਂਤੀ ਰਹੀ। ਕੋਈ ਵੀ ਘਟਨਾ ਸਾਹਮਣੇ ਨਹੀਂ ਆਈ। ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਦੇ ਬਾਰਡਰ ਨਾਲ ਲੱਗੇ ਇਲਾਕਿਆਂ ਵਿਚ 11 ਮਈ ਤੋਂ ਹਾਲਾਤ ਆਮ ਹਨ। ਬਾਜ਼ਾਰ ਖੁੱਲ੍ਹਣ ਲੱਗੇ ਹਨ ਤੇ ਸਾਧਾਰਨ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ 10 ਮਈ ਦੀ ਸ਼ਾਮ ਨੂੰ 6.30 ਵਜੇ ਤਿੰਨੋਂ ਸੈਨਾਵਾਂ ਨੇ 1 ਘੰਟਾ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਦੱਸਿਆ ਗਿਆ ਕਿ ਅਸੀਂ ਆਪ੍ਰੇਸ਼ਨ ਸਿੰਦੂਰ ਤਹਿਤ ਟੀਚੇ ਹਾਸਲ ਕਰ ਲਏ ਹਨ। ਇਹ ਆਪ੍ਰੇਸ਼ਨ ਅਜੇ ਜਾਰੀ ਹੈ। ਸਮਾਂ ਆਉਣ ‘ਤੇ ਇਸ ਦੀ ਜਾਣਕਾਰੀ ਦੇਵਾਂਗੇ। ਏਅਰਫੋਰਸ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਆਪ੍ਰੇਸ਼ਨ ਸਿੰਦੂਰ ਦੀ ਸ਼ੁਰੂਆਤ (7ਮਈ) ਤੋਂ 10 ਮਈ ਤੱਕ ਪਾਕਿਸਤਾਨ ਦੀ ਗੋਲੀਬਾਰੀ ਵਿਚ 7 ਜਵਾਨ (5 ਆਰਮੀ, 2 BSF) ਸ਼ਹੀਦ ਹੋ ਚੁੱਕੇ ਹਨ ਜਦੋਂ ਕਿ 60 ਜ਼ਖਮੀ ਹਨ। ਇਸ ਤੋਂ ਇਲਾਵਾ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।