ਭੁਲੱਥ: ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ਜਿਸ ਤੇ ਚਲਦਿਆਂ ਇੱਕ ਸਮਾਜ ਸੇਵੀ ਅਤੇ ਕਿਸਾਨ ਵੱਲੋਂ ਲੰਗਰਾਂ ਦੇ ਸੇਵਾ ਵਿੱਚ ਵੱਡਾ ਹਿੱਸਾ ਪਾਉਣ ਦਾ ਫ਼ੈਸਲਾ ਲਿਆ ਅਤੇ ਅੱਜ ਉਸ ਫ਼ੈਸਲੇ ਨੂੰ ਪ੍ਰਵਾਨ ਕਰਦਿਆਂ ਵੱਡੀ ਮਾਤਰਾ ਵਿੱਚ ਕਣਕ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖ਼ੇ ਬਾਬਾ ਨਿਧਾਨ ਸਿੰਘ ਗੁਰਦੁਆਰਾ ਸਾਹਿਬ ਦੇ ਲੰਗਰਾਂ ਵਾਸਤੇ ਦਾਨ ਕੀਤੀ ਗਈ। ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਸਮਾਜ ਸੇਵੀ ਸੁਖਦੇਵ ਸਿੰਘ ਟਿੰਬਰ ਸਟੋਰ ਵਾਲਿਆਂ ਨੇ ਸਾਢੇ ਤਿੰਨ ਏਕੜ ਜ਼ਮੀਨ ਦੀ ਨਵੀ ਕਣਕ ਸ਼੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਵਿਖੇ ਚੱਲ ਰਹੇ ਬਾਬਾ ਨਿਧਾਨ ਸਿੰਘ ਦੇ ਲੰਗਰਾਂ ਲਈ ਦਾਨ ਕੀਤੀ ਹੈ। ਇਸ ਦੌਰਾਨ ਗੱਲਬਾਤ ਕਰਦਿਆ ਨਵਜਿੰਦਰ ਸਿੰਘ ਬੱਗਾ ਕੋਚ ਨੇ ਜਿੱਥੇ ਸੁਖਦੇਵ ਸਿੰਘ ਹੁਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਹੋਰਨਾਂ ਨੂੰ ਵੀ ਅਜਿਹੇ ਨੇਕ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣਾ ਸਭ ਤੋਂ ਉੱਤਮ ਕਰਮ ਹੁੰਦਾ ਹੈ ਅਤੇ ਅਜਿਹਾ ਕਰਮ ਕੋਈ ਵਿਰਲਾ ਹੀ ਕਰ ਸਕਦਾ ਹੈ। ਇਸ ਦੌਰਾਨ ਸੇਵਾ ਇਕੱਤਰ ਕਰ ਰਹੇ ਬਾਬਾ ਸਾਧੂ ਸਿੰਘ ਰਾਏਪੁਰ ਅਰਾਈਆਂ ਵਾਲਿਆਂ ਨੇ ਸੇਵਾ ਭੇਜਣ ਲਈ ਸੁਖਦੇਵ ਸਿੰਘ ਦਾ ਮਾਨ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਨਾਮ ਸਿੰਘ ਸਲੈਚ, ਜੋਗਿੰਦਰ ਸਿੰਘ ਸਾਹੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।