ਫਿਰੋਜ਼ਪੁਰ (ਜਤਿੰਦਰ ਪਿੰਕਲ): ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਭਾਰਤ ਬੰਦ ਦੇ ਸੱਦੇ ਉੱਪਰ ਪਹਿਰਾ ਦਿੰਦਿਆਂ ਕਿਸਾਨ ਮਜ਼ਦੂਰ ਮੁਲਾਜ਼ਮਾਂ ਵੱਲੋਂ ਸੱਤ ਨੰਬਰ ਚੁੰਗੀ ਵਿਖੇ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ | ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਆਮ ਵਰਗ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਲੋਕਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਫਿਰੋਜਪੁਰ ਦੇ ਬਾਜ਼ਾਰ ਅਤੇ ਵੱਖ-ਵੱਖ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰਹੇ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕਿਸਾਨਾ ਮਜ਼ਦੂਰਾਂ ਦੇ ਕਰਜੇ ਉੱਪਰ ਲੀਕ ਫੇਰਨ, ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ, ਮਜ਼ਦੂਰਾਂ ਲਈ 200 ਦਿਨ ਨਰੇਗਾ ਵਿੱਚ ਕੰਮ ਅਤੇ 600 ਰੁਪਆ ਦਿਹਾੜੀ, ਮਜਦੂਰਾਂ ਅਤੇ ਮੁਲਾਜ਼ਮਾਂ ਖਿਲਾਫ ਬਣਾਏ ਚਾਰੇ ਲੇਬਰ ਕੋਡ ਰੱਦ ਕਰਨ, ਬਿਜਲੀ ਸੋਧ ਬਿਲ ਅਤੇ ਟਾਈਮ ਸੇਫਟੀ ਐਕਟ ਰੱਦ ਕਰਨ, ਡਰਾਈਵਰਾਂ ਖਿਲਾਫ ਬਣਾਏ ਹਿਟ ਐਂਡ ਰਨ ਐਕਟ ਵਿੱਚ 10 ਸਾਲ ਦੀ ਸਜ਼ਾ ਖਤਮ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਲੱਖੀਮਪੁਰ ਖੀਰੀ ਦੇ ਕਿਸਾਨਾਂ ਇਨਸਾਫ ਦੇਣ ਆਦਿ ਮੰਗਾਂ ਨੂੰ ਲੈਕੇ ਅੱਜ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਅਤੇ ਵੱਖ ਵੱਖ ਕਿੱਤਿਆ ਨਾਲ ਸਬੰਧ ਰੱਖਣ ਵਾਲੇ ਲੋਕਾਂ ਵੱਲੋਂ ਭਾਰਤ ਬੰਦ ਨੂੰ ਮਜਬੂਤ ਅਤੇ ਸਫਲ ਕੀਤਾ ਗਿਆ | ਉਨਾਂ ਨੇ ਇਸ ਬੰਦ ਵਿੱਚ ਸਮਰਥਨ ਕਰਨ ਵਾਲੇ ਵਪਾਰੀਆਂ ਦੁਕਾਨਦਾਰਾਂ ਹੋਰ ਕਾਰੋਬਾਰੀਆਂ ਅਤੇ ਫਿਰੋਜਪੁਰ ਦੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਹੈ। ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਬੀਕੇਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਕੜਮਾ ਬੀਕੇਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਬੀ ਕੇ ਯੂ ਲੱਖੋਵਾਲ ਦੇ ਅਮਰੀਕ ਸਿੰਘ, ਮਹਾਂ ਪੰਚਾਇਤ ਸਰਕਲ ਝੋਕ ਵੱਲੋਂ ਡਾਕਟਰ ਮੁਖਤਿਆਰ ਸਿੰਘ, ਪੈਨਸ਼ਨਰ ਅਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਕੇਸ਼ ਸ਼ਰਮਾ, ਟੀਐਸਯੂ ਦੇ ਪ੍ਰਧਾਨ ਜਗਤਾਰ ਸਿੰਘ, ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਮੰਦਰ ਸਿੰਘ,ਡੀਪੂ ਹੋਲਡਰ ਯੂਨੀਅਨ ਤੋਂ ਬਿੱਟੂ ਬਾਠ, ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ ਵੱਲੋਂ ਕ੍ਰਿਸ਼ਨ ਚੰਦ ਜਾਗੋਵਾਲੀਆ, ਜੋਗਿੰਦਰ ਸਿੰਘ ਨੂਰਪੁਰ ਸੇਠਾਂ, ਬੀਕੇਯੂ ਪੰਜਾਬ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ, ਬੀਕੇਯੂ ਉਗਰਾਹਾਂ ਦੇ ਮਹਿੰਦਰ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨ ਤੋਂ ਕਾਂਤਾ ਰਾਣੀ, ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਫਿਰੋਜਪੁਰ ਦੇ ਜਸਪਾਲ ਸਿੰਘ, ਪੈਨਸ਼ਨਰ ਯੂਨੀਅਨ ਪੰਜਾਬ ਦੇ ਡਾਕਟਰ ਪ੍ਰਦੀਪ ਰਾਣਾ ਬੀਕੇਯੂ ਮਾਨਸਾ ਦੇ ਸੂਬਾ ਮੀਤ ਪ੍ਰਧਾਨ ਮੇਜਰ ਸਿੰਘ ਕੜਮਾ ਪੰਜਾਬ ਰੋਡਵੇਜ਼ ਦੇ ਪ੍ਰਧਾਨ ਬਲਵੀਰ ਸਿੰਘ ਸੰਧੂ ਦੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ |