ਕੇਂਦਰੀ ਮੰਤਰੀ ਨੇ ਜ਼ਿਲ੍ਹਾ ਪ੍ਰਧਾਨ ਨੂੰ ਨਵੇਂ ਲੋਕ ਜੋੜਨ ਅਤੇ ਬੂਥਾਂ ਦੀ ਮਜ਼ਬੂਤੀ ਲਈ ਦਿੱਤਾ ਜ਼ੋਰ
ਕਪੂਰਥਲਾ (ਸਾਹਿਲ ਗੁਪਤਾ) : ਸ਼ੁੱਕਰਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਤੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਹੁਸ਼ਿਆਰਪੁਰ ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਪੰਜਾਬ ਦੇ ਮੌਜੂਦਾ ਹਲਾਤਾਂ, 2024 ਦੀਆਂ ਚੋਣਾਂ ਅਤੇ ਭਾਜਪਾ ਦੀ ਮਜ਼ਬੂਤੀ ਤੇ ਚਰਚਾ ਕੀਤੀ ਗਈ।ਇਸ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀਆਂ ਜਥੇਬੰਦਕ ਤਿਆਰੀਆਂ ਬਾਰੇ ਖੋਜੇਵਾਲ ਨਾਲ ਚਰਚਾ ਕੀਤੀ ਅਤੇ ਆਉਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ।ਸ਼ੇਖਾਵਤ ਨੇ ਦੋਵਾਂ ਨੇਤਾਵਾਂ ਨੂੰ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਬਚੇ ਤਿੰਨ ਮਹੀਨਿਆਂ ਵਿਚ ਸਰਕਾਰ ਦੇ ਕੰਮਾਂ ਦੀ ਜਾਣਕਾਰੀ ਜਨਤਾ ਤੱਕ ਪਹੁੰਚਾਈ ਜਾਵੇ।ਇਸ ਦੌਰਾਨ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਮਿਲੇ ਹਾਂ-ਪੱਖੀ ਹੁੰਗਾਰੇ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ।ਜਿਸ ਦਾ ਉਦੇਸ਼ ਮੋਦੀ ਸਰਕਾਰ ਦੀਆਂ ਕਈ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਬੂਥ ਪੱਧਰ ਤੇ ਸੰਗਠਨ ਚ ਨਵੇਂ ਲੋਕਾਂ ਨੂੰ ਸ਼ਾਮਲ ਕਰਨਾ ਹੋਵੇਗਾ,ਨਾਲ ਹੀ ਕਮਜ਼ੋਰ ਬੂਥਾਂ ਨੂੰ ਮਜ਼ਬੂਤ ਕਰਨਾ ਹੋਵੇਗਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਤੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ ਅਜਿਹਾ 70 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਹੋਵੇਗਾ।ਖੋਜੇਵਾਲ ਨੇ ਕਿਹਾ ਕਿ ਅੱਜ ਦੁਨੀਆਂ ਵਿੱਚ ਭਾਵੇਂ ਕੋਈ ਵੀ ਸਮੱਸਿਆ ਹੋਵੇ,ਪੂਰੀ ਦੁਨੀਆ ਦੇ ਆਗੂ ਇਹ ਰਾਹ ਦੇਖਦੇ ਹਨ ਕਿ ਨਰਿੰਦਰ ਮੋਦੀ ਇਸ ਸਮੱਸਿਆ ਦੇ ਬਾਰੇ ਕੀ ਕਹਿੰਦੇ ਹਨ।ਇਸਦਾ ਬਹੁਤ ਵਡਾ ਮਹੱਤਵ ਹੈ।2014 ਤੋਂ 2023 ਤੱਕ ਇਹ ਵੱਡੀ ਤਬਦੀਲੀ ਹੋਈ ਹੈ।ਦੁਨੀਆ ਦੀ ਹਰ ਸਮੱਸਿਆ ਦੇ ਹੱਲ ਲਈ ਭਾਰਤ ਦੀ ਪਹੁੰਚ,ਭਾਰਤ ਦੇ ਪ੍ਰਧਾਨ ਮੰਤਰੀ ਦੀ ਪਹੁੰਚ ਨੂੰ ਮਹੱਤਵ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੀ ਦੂਰਅੰਦੇਸ਼ੀ ਬਹੁਤ ਸਪੱਸ਼ਟ ਹੈ।ਸਾਨੂੰ ਸਾਰਿਆਂ ਨੂੰ ਇਹ ਟੀਚਾ ਰੱਖਣਾ ਚਾਹੀਦਾ ਹੈ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਹੋਵੇ ਤਾਂ ਭਾਰਤ ਹਰ ਖੇਤਰ ਵਿਚ ਦੁਨੀਆ ਵਿਚ ਪਹਿਲੇ ਨੰਬਰ ਤੇ ਹੋਵੇ।ਇਹੀ ਨੀਤੀ ਅਸੀਂ ਅਪਣਾ ਰਹੇ ਹਾਂ।ਇਸ ਲਈ ਅਸੀਂ ਹਰ ਖੇਤਰ ਵਿੱਚ ਕੰਮ ਕਰ ਰਹੇ ਹਾਂ।ਖੋਜੇਵਾਲ ਨੇ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ,ਉਨ੍ਹਾਂ ਦਾ ਇੱਕ ਹੀ ਏਜੰਡਾ ਹੈ ਕਿ ਇਸ ਦੇਸ਼ ਦੇ ਵਸੀਲਿਆਂ ਤੇ ਸਭ ਦਾ ਹੱਕ ਹੈ, ਹਰ ਕਿਸੇ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲਗਭਗ 60 ਕਰੋੜ ਲੋਕਾਂ ਦਾ ਬੈਂਕ ਖਾਤਾ ਨਹੀਂ ਸੀ।ਲਗਭਗ 10 ਕਰੋੜ ਲੋਕ ਪਖਾਨੇ ਤੋਂ ਬਿਨਾਂ ਰਹਿ ਰਹੇ ਸਨ ਅਤੇ ਲਗਭਗ 3 ਕਰੋੜ ਘਰਾਂ ਵਿੱਚ ਬਿਜਲੀ ਨਹੀਂ ਸੀ।ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 10 ਸਾਲਾਂ ਵਿੱਚ ਹਰ ਪਰਿਵਾਰ ਕੋਲ ਇੱਕ ਬੈਂਕ ਖਾਤਾ ਹੈ ਅਤੇ ਹਰ ਇੱਕ ਘਰ ਬਿਜਲੀ ਅਤੇ ਟਾਇਲਟ ਹੈ।