Skip to content
ਸ੍ਰੀ ਮੁਕਤਸਰ ਸਾਹਿਬ, 29 ਮਈ (ਵਿਪਨ ਮਿੱਤਲ) ਦੇਸ਼ ਦੇ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਤੇ ਇਹਨਾਂ ਨੂੰ ਤਿਆਰ ਕਰਨ ਵੇਲੇ ਨਿਰਧਾਰਤ ਨਿਯਮਾਂ ਨੂੰ ਲਾਗੂ ਕਰਨ ਲਈ ਸਾਲ 2006 ਵਿਚ ‘‘ਫੂਡ ਸੇਫਟੀ ਐਂਡ ਸਟੈਂਡਰਡਜ ਐਕਟ’’ ਲਾਗੂ ਕੀਤਾ ਗਿਆ ਸੀ। ਇਸ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਸਬੰਧਤ ਸਿਵਲ ਸਰਜਨਾਂ ਅਤੇ ਜਿਲਾ ਸਿਹਤ ਅਫਸਰਾਂ ਨੂੰ ਅਧਿਕਾਰਤ ਕੀਤਾ ਗਿਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਕਿਹਾ ਹੈ ਕਿ ਸਥਾਨਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਅੰਦਰ ਫੂਡ ਐਂਡ ਸੇਫਟੀ ਐਕਟ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਢੋਸੀਵਾਲ ਨੇ ਦੱਸਿਆ ਕਿ ਖਪਤਕਾਰਾਂ ਵੱਲੋਂ ਉਹਨਾਂ ਦੀ ਸੰਸਥਾ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸ਼ਹਿਰ ਅੰਦਰ ਫੂਡ ਐਂਡ ਸੇਫਟੀ ਐਕਟ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੁਝ ਹੋਟਲ, ਢਾਬੇ ਅਤੇ ਰੈਸਟੋਰੇਟਾਂ ਵਾਲਿਆਂ ਵੱਲੋਂ ਨਾ ਤਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵੇਲੇ ਨਿਰਧਾਰਤ ਨਿਯਮ ਅਪਣਾਏ ਜਾਂਦੇ ਹਨ ਅਤੇ ਨਾ ਹੀ ਇਹ ਵਸਤੂਆਂ ਤਿਆਰ ਕਰਨ ਵਾਲੇ ਕਾਰੀਗਰਾਂ ਜਾਂ ਵੇਟਰਾਂ ਵੱਲੋਂ ਉਕਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਕੁਝ ਡੇਅਰੀ ਵਾਲਿਆਂ ਵੱਲੋਂ ਨਕਲੀ ਦੁੱਧ, ਘਿਓ, ਪਨੀਰ, ਕਰੀਮ ਅਤੇ ਹੋਰ ਵਸਤਾਂ ਦੀ ਵਿਕਰੀ ਬਾਰੇ ਵੀ ਦੱਸਿਆ ਗਿਆ ਹੈ। ਖਾਣ ਪੀਣ ਲਈ ਰੱਖੀਆਂ ਨੰਗੀਆਂ ਵਸਤਾਂ ਅਤੇ ਹਰੇਕ ਮਠਿਆਈ ਦੀ ਬਨਾਉਣ ਅਤੇ ਐਕਸਪਾਇਰੀ ਦੀ ਮਿਤੀ ਨਾ ਲਿਖੇ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਜ਼ਹਿਰੀਲੇ ਟੀਕੇ ਲਗਾ ਕੇ ਤਿਆਰ ਕੀਤੀਆਂ ਸਬਜ਼ੀਆਂ, ਕੈਮੀਕਲ ਨਾਲ ਪਕਾਏ ਫਲ ਅਤੇ ਕੈਮੀਕਲ ਨਾਲ ਰੰਗੇ ਹੋਏ ਅਮਰੂਦ ਤੇ ਆੜੂ ਸ਼ਰੇਆਮ ਵਿਕਦੇ ਹਨ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਐਡੇ ਵੱਡੇ ਪੱਧਰ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਪਰੰਤੂ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਸੋਚਣ ਵਾਲੀ ਗੱਲ ਹੈ ਕਿ ਇਹ ਜਿਲ੍ਹਾ ਸਿਹਤ ਵਿਭਾਗ ਦੀ ਲਾਪ੍ਰਵਾਹੀ ਹੈ ਜਾਂ ਮਿਲੀ ਭੁਗਤ। ਪ੍ਰਧਾਨ ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਆਉਂਦੀ 03 ਜੂਨ ਮੰਗਲਵਾਰ ਨੂੰ ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ ਨਾਲ ਸਵੇਰੇ 11:00 ਵਜੇ ਮੁਲਾਕਾਤ ਕੀਤੀ ਜਾਵੇਗੀ। ਮੁਲਾਕਾਤ ਦੌਰਾਨ ਉਕਤ ਅਧਿਕਾਰੀਆਂ ਕੋਲੋਂ ਚਾਲੂ ਸਾਲ ਵਿੱਚ ਫੂਡ ਐਂਡ ਸੇਫਟੀ ਐਕਟ ਨੂੰ ਲਾਗੂ ਕਰਵਾਉਣ ਲਈ ਉਹਨਾਂ ਵੱਲੋਂ ਉਠਾਏ ਗਏ ਕਦਮ ਅਤੇ ਇਹਨਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ ਅਤੇ ਹੋਰਨਾਂ ਵਿਰੁੱਧ ਕੀਤੀ ਕਾਰਵਾਈ ਸਬੰਧੀ ਜਾਣਕਾਰੀ ਅਤੇ ਹੋਰ ਗੱਲਬਾਤ ਕੀਤੀ ਜਾਵੇਗੀ।
Post Views: 2,032
Related