ਕਪੂਰਥਲਾ ਜ਼ਿਲ੍ਹੇ ਦੇ ਨੇੜਲੇ ਪਿੰਡ ਚੱਕ ਕੋਟਲਾ ਵਿੱਚ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਨੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਝੜਪ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਿ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਹਾ, ਇੱਟਾਂ ਅਤੇ ਹੋਰ ਹਥਿਆਰਾਂ ਨਾਲ ਹੋ ਰਹੀ ਗੁੰਡਾਗਰਦੀ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਜ਼ਖਮੀ ਵਿਅਕਤੀ ਵਿਸ਼ਵ ਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹਵੇਲੀ ਵਿੱਚ ਕੰਮ ਕਰ ਰਿਹਾ ਸੀ, ਜਦੋਂ ਪਿੰਡ ਦੇ ਇੱਕ ਵਿਅਕਤੀ ਅਤੇ ਕੁਝ ਅਣਪਛਾਤੇ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸਨੇ ਦੱਸਿਆ ਕਿ ਹਮਲਾਵਰਾਂ ਨੇ ਉਸਦੇ ਚਾਚੇ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ, ਅਤੇ ਬਾਅਦ ‘ਚ ਉਸਦੇ ਘਰ ‘ਤੇ ਹਮਲਾ ਕਰਕੇ ਹੋਰ ਇੱਕ ਚਾਚੇ ਨੂੰ ਵੀ ਨੁਕਸਾਨ ਪਹੁੰਚਾਇਆ। ਇੱਟਾਂ-ਰੋੜਿਆਂ ਨਾਲ ਗੱਡੀ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੂਜੀ ਧਿਰ ਤੋਂ ਮਿਲਖਾ ਸਿੰਘ ਨਾਮਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣੀ ਪਤਨੀ ਅਤੇ ਧੀ ਨੂੰ ਵਿਦੇਸ਼ ਭੇਜਣ ਲਈ ਵਿਸ਼ਵ ਜੋਤ ਸਿੰਘ ਨੂੰ ਪੈਸੇ ਦਿੱਤੇ ਸਨ, ਪਰ ਨ ਭੇਜਿਆ ਗਿਆ ਤੇ ਨ ਹੀ ਪੈਸੇ ਵਾਪਸ ਮਿਲੇ। ਉਸਨੇ ਦੱਸਿਆ ਕਿ ਜਦੋਂ ਉਹ ਪੈਸੇ ਮੰਗਣ ਗਿਆ ਤਾਂ ਉਲਟਾ ਉੱਤੇ ਹੀ ਹਮਲਾ ਕਰ ਦਿੱਤਾ ਗਿਆ। ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਿਊਟੀ ਡਾਕਟਰ ਨਵਨੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਚੱਕ ਕੋਟਲਾ ਤੋਂ ਚਾਰ ਮਰੀਜ਼ ਇਲਾਜ ਲਈ ਪਹੁੰਚੇ, ਜਿਨ੍ਹਾਂ ਵਿੱਚੋਂ ਦੋ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।