ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਥੇ 10 ਡਾਊਨਿੰਗ ਸਟਰੀਟ ਵਿਖੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਦੁਵੱਲੇ ਮੁੱਦਿਆਂ ‘ਤੇ ਚਰਚਾ ਕੀਤੀ। ਮੀਟਿੰਗ ਤੋਂ ਜਾਣੂ ਸੀਨੀਅਰ ਅਧਿਕਾਰੀਆਂ ਅਨੁਸਾਰ, ਗੱਲਬਾਤ ਦੇ ਏਜੰਡੇ ਵਿਚ ਰੱਖਿਆ, ਵਪਾਰ ਅਤੇ ਖੇਤਰੀ ਮੁੱਦੇ ਸ਼ਾਮਲ ਸਨ।

    ਇਸ ਤੋਂ ਇਲਾਵਾ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਸਬੰਧੀ ਚੱਲ ਰਹੀ ਗੱਲਬਾਤ ਦੀ ਪ੍ਰਗਤੀ ‘ਤੇ ਵੀ ਚਰਚਾ ਕੀਤੀ ਗਈ। ਸੁਨਕ ਤੋਂ ਇਲਾਵਾ ਰਾਜਨਾਥ ਸਿੰਘ ਨੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਵਿਖੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨਾਲ ਮੁਲਾਕਾਤ ਕੀਤੀ। ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇਕ ਬਿਆਨ ਵਿਚ ਕਿਹਾ, “ਭਾਰਤ-ਯੂਕੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਡੂੰਘਾ ਕਰਨ ‘ਤੇ ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੇਵਿਡ ਕੈਮਰੌਨ ਨਾਲ ਵਿਵਹਾਰਕ ਚਰਚਾ ਕੀਤੀ”

    ਦੋ ਉੱਚ-ਪੱਧਰੀ ਮੀਟਿੰਗਾਂ ਤੋਂ ਬਾਅਦ, ਰਾਜਨਾਥ ਸਿੰਘ ਨੇ ਅਪਣੇ ਹਮਰੁਤਬਾ ਗ੍ਰਾਂਟ ਸ਼ੈਪਸ ਨਾਲ ਯੂਕੇ-ਭਾਰਤ ਰੱਖਿਆ ਉਦਯੋਗ ਦੇ ਸੀਈਓ ਗੋਲਮੇਜ਼ ਦੀ ਸਹਿ-ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਹਿ-ਉਤਪਾਦਨ ‘ਤੇ ਕੇਂਦ੍ਰਿਤ ਯੂਕੇ ਦੇ ਨਾਲ ਇਕ ਖੁਸ਼ਹਾਲ ਰੱਖਿਆ ਸਾਂਝੇਦਾਰੀ ਦੀ ਕਲਪਨਾ ਕਰਦਾ ਹੈ।

    ਗੋਲਮੇਜ਼ ਬੈਠਕ ਵਿਚ ਯੂਕੇ ਰੱਖਿਆ ਉਦਯੋਗ ਦੇ ਕਈ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਯੂਕੇ ਦੇ ਰੱਖਿਆ ਮੰਤਰਾਲੇ (ਐਮਓਡੀ), ਯੂਕੇ-ਇੰਡੀਆ ਬਿਜ਼ਨਸ ਕੌਂਸਲ (ਯੂਕੇਆਈਬੀਸੀ) ਅਤੇ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਨੁਮਾਇੰਦਿਆਂ ਨੇ ਭਾਗ ਲਿਆ।