ਅੰਮ੍ਰਿਤਸਰ ਵਿਚ ਹਥਿਆਰ ਲੈ ਕੇ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਇਕ ਘੁਸਪੈਠੀਏ ਨੂੰ BSF ਜਵਾਨਾਂ ਨੇ ਫੜਿਆ ਹੈ। ਬੀਐੱਸਐੱਫ ਦੇ ਜਵਾਨਾਂ ਨੇ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫਾਇਰਿੰਗ ਵੀ ਕੀਤੀ। ਇਸ ਦੇ ਬਾਅਦ ਜਵਾਨਾਂ ਨੇ ਉਸ ਨੂੰ ਘੇਰ ਕੇ ਹਥਿਆਰ ਨਾਲ ਫੜ ਲਿਆ।

    ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਬੀਐੱਸਐੱਫ ਅਧਇਕਾਰੀਆਂ ਨੇ ਜਾਣਾਰੀ ਦਿੱਤੀ ਕਿ ਇਹ ਘੁਸਪੈਠ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਓਕੇ ਵਿਚ ਹੋਈ। ਦੁਪਹਿਰ ਸਮੇਂ ਡਿਊਟੀ ‘ਤੇ ਤਾਇਨਾਤ BSF ਜਵਾਨਾਂ ਨੇ ਪਾਕਿਸਤਾਨ ਵੱਲੋਂ ਸੀਮਾ ਸੁਰੱਖਿਆ ਵਾੜ ਵੱਲੋਂ ਆ ਰਹੇ ਇਕ ਵਿਅਕਤੀ ਦੀ ਸ਼ੱਕੀ ਹਰਕਤ ਦੇਖੀ। ਜਵਾਨਾਂ ਨੇ ਘੁਸਪੈਠੀਏ ਨੂੰ ਚੇਤਾਵਨੀ ਦਿੱਤੀ ਜਿਸ ‘ਤੇ ਉਸ ਨੇ ਪਿਸਤੌਲ ਕੱਢੀ ਤੇ ਹਵਾ ਵਿਚ ਇਕ ਰਾਊਂਡ ਫਾਇਰ ਕਰ ਦਿੱਤਾ।

    ਇਸ ਦੇ ਬਾਅਦ BSF ਜਵਾਨ ਅਲਰਟ ਹੋ ਗਏ। ਬੀਐੱਸਐੱਫ ਜਵਾਨਾਂ ਨੇ ਘੁਸਪੈਠੀਏ ਨੂੰ ਘੇਰ ਲਿਆ। ਬੀਐੱਸਐੱਫ ਮੁਲਾਜ਼ਮਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਤੇ ਬਾਅਦ ਦੁਪਹਿਰ ਲਗਭਗ 1.50 ਵਜੇ ਉਸ ਨੂੰ ਫੜ ਲਿਆ ਗਿਆ।

    ਮੁਲਜ਼ਮ ਦੇ ਕਬਜ਼ੇ ਤੋਂ 1 ਪਿਸਤੌਲ, ਇਕ ਮੈਗਜ਼ੀਨ, 0.38 ਕੈਲਿਬਰ ਦੀਆਂ 5 ਰਾਊਂਡ ਗੋਲੀਆਂ ਬਰਾਮਦ ਹੋਈਆਂ ਹਨ। ਘੁਸਪੈਠੀਏ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਪੁਲਿਸ ਦੇ ਹਵਾਲੇ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।