ਥਾਣਾ ਸਦਰ ਤਰਨਤਾਰਨ ਵਿਚ ਦਰਜ ਕੀਤੇ ਮਾਮਲੇ ਮੁਤਾਬਕ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਰ ਪ੍ਰਭਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਚਰਨਜੀਤ ਸਿੰਘ ਰਾਜੂ ਸ਼ੂਟਰ ਵਾਸੀ ਸੰਘੇ ਤੇ ਹਰਪ੍ਰੀਤ ਸਿੰਘ ਹੈਪੀ ਬਾਬਾ ਵਾਸੀ ਅਲਾਦੀਨਪੁਰ ਨੇ ਜੇਲ੍ਹ ਵਿੱਚੋਂ ਰਿਹਾਅ ਹੋਣ ਦੀ ਖੁਸ਼ੀ ਵਿਚ ਨੌਰੰਗਾਬਾਦ ਦੇ ਪੈਲੇਸ ਵਿਚ ਪਾਰਟੀ ਰੱਖੀ ਗਈ ਹੈ। ਜਿੱਥੇ ਦੋਵਾਂ ਗਰੁੱਪਾਂ ਨੇ ਆਪਣੇ ਦੋਸਤ ਵੀ ਸੱਦੇ ਹੋਏ ਹਨ ਤੇ ਇਨ੍ਹਾਂ ਗੈਂਗਸਟਰਾਂ ਦਰਮਿਆਨ ਕੋਈ ਸੁਲ੍ਹਾ-ਸਫ਼ਾਈ ਵੀ ਹੋਣੀ ਸੀ। ਇਹ ਵੀ ਸੂਚਨਾ ਸੀ ਕਿ ਅਸਲੇ ਸਮੇਤ ਪੁੱਜੇ ਇਨ੍ਹਾਂ ਗੈਂਗਸਟਰਾਂ ਵਿਚ ਜੇ ਰਾਜ਼ੀਨਾਮਾ ਨਾ ਹੁੰਦਾ ਤਾਂ ਝਗੜਾ ਹੋਣ ਦੇ ਆਸਾਰ ਸਨ।
ਇਸ ਦੇ ਚੱਲਦਿਆਂ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸ਼ਾਹ ਪੈਲੇਸ ਵਿਚ ਛਾਪੇਮਾਰੀ ਕਰ ਕੇ ਚਰਨਜੀਤ ਸਿੰਘ ਰਾਜੂ ਸ਼ੂਟਰ, ਹਰਪ੍ਰੀਤ ਸਿੰਘ ਹੈਪੀ ਬਾਬਾ ਤੋਂ ਇਲਾਵਾ ਮਨਜਿਦੰਰ ਸਿੰਘ ਮਨੀ ਵਾਸੀ ਜੋਧਪੁਰ, ਰਾਜਕਰਨ ਸਿੰਘ ਵਾਸੀ ਸੰਘੇ, ਬੌਬੀ ਅਤੇ ਜਗਤਾਰ ਸਿੰਘ ਵਾਸੀ ਨੌਰੰਗਾਬਾਦ ਤੇ ਗੁਰਦੇਵ ਸਿੰਘ ਵਾਸੀ ਕੱਕਾ ਕੰਡਿਆਲਾ ਨੂੰ ਗ੍ਰਿਫਤਾਰ ਕਰ ਲਿਆ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਗੈਂਗਸਟਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਖ਼ੁਲਾਸਾ ਕਰ ਦਿੱਤਾ ਜਾਵੇਗਾ।