ਸੀਪੀ ਨੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੀ ਵਚਨਬੱਧਤਾ ਦੁਹਰਾਈ
ਜਲੰਧਰ (ਵਿੱਕੀ ਸੂਰੀ) : ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਦੇ ਮਕਸਦ ਨਾਲ ਇੱਕ ਹੋਰ ਸਫਲਤਾ ਹਾਸਲ ਕਰਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 200 ਗ੍ਰਾਮ ਹੈਰੋਇਨ, ਇੱਕ 32 ਬੋਰ ਪਿਸਤੌਲ ਅਤੇ ਚਾਰ ਕਾਰਤੂਸ ਸਮੇਤ ਕਾਬੂ ਕੀਤਾ ਹੈ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਸ਼ਹਿਰ ਵਿੱਚ ਇੱਕ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦੇ ਬਾਰੇ ਸੂਹ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਨੇ ਟੀਮ ਸਮੇਤ ਜਲੰਧਰ ਦੇ ਸੰਤ ਨਗਰ, ਰੇਲਵੇ ਕਰਾਸਿੰਗ ਨੇੜੇ ਜਾਲ ਵਿਛਾਇਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਟੀਮ ਨੇ ਲਾਡੋਵਾਲੀ ਰੋਡ ਤੋਂ ਰਜਿਸਟ੍ਰੇਸ਼ਨ ਨੰਬਰ ਪੀਬੀ08-ਐਫਈ-4237 ਵਾਲੀ ਹੁੰਡਈ ਵੈਨਿਊ ਕਾਰ ਨੂੰ ਆਉਂਦਿਆਂ ਦੇਖਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਨੂੰ ਰੋਕ ਕੇ ਗੱਡੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਡਰਾਈਵਰ ਕੋਲੋਂ 200 ਗ੍ਰਾਮ ਹੈਰੋਇਨ ਸਮੇਤ 32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਡਰਾਈਵਰ ਕੁਨਾਲ ਉਰਫ਼ ਵਿਸ਼ੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਨੰਬਰ 14 ਫੇਜ਼ 1 ਗੋਲਡਨ ਕਾਲੋਨੀ ਦੀਪ ਨਗਰ ਜਲੰਧਰ ਨੂੰ ਕਾਬੂ ਕਰ ਲਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਖੇ ਐਫਆਈਆਰ ਨੰਬਰ 15 ਮਿਤੀ 28-01-2024 ਅਧੀਨ 21 ਐਨਡੀਪੀਐਸ ਐਕਟ, 25 ਅਸਲਾ ਐਕਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਥਾਣਾ ਕੈਂਟ ਜਲੰਧਰ ਵਿਖੇ ਐਫਆਈਆਰ ਨੰਬਰ 13 ਮਿਤੀ 06-02-2020 ਅਧੀਨ 323,324,451,427,148,149,307 ਆਈਪੀਸੀ ਦਰਜ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।