ਨੌਜਵਾਨਾਂ ਸਮੇਤ ਲੋਕਾਂ ਨੂੰ ਨਵੇਂ ਸਾਲ ਮੌਕੇ ਗੁਰੂ ਦੇ ਲੜ ਲਾਉਣਾ ਸਮਾਗਮਾਂ ਦਾ ਮੁੱਖ ਟੀਚਾ: ਕਾਲਕਾ, ਕਾਹਲੋਂ
ਸਿੱਖ ਕੌਮ ਦਾ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਚੇਤ ਤੋਂ ਸ਼ੁਰੂ ਹੁੰਦੈ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੌਕੇ ’ਤੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿਚ ਸੰਗਤਾਂ ਦਾ ਸੈਲਾਬ ਉਮੜ ਪਿਆ ਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ।
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਨਾਨਕ ਪਿਆਊ ਸਾਹਿਬ ਸਮੇਤ ਸਾਰੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਵਿਚ ਇਹ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਪਰ ਮੁੱਖ ਸਮਾਗਮ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਜਿਥੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਰਾਗੀ ਜੱਥੇ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਦਿਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਨਵੇਂ ਸਾਲ ਦੀ ਆਮਦ ਦੀ ਸੰਗਤਾਂ ਨੂੰ ਵਧਾਈ ਦਿੱਤੀ ਤੇ ਅਕਾਲ ਪੁਰਖ ਸਾਹਿਬ ਅੱਗੇ ਅਰਦਾਸ ਕੀਤੀ ਕਿ ਇਹ ਨਵਾਂ ਸਾਲ ਉਹਨਾਂ ਦੇ ਜੀਵਨ ਵਿਚ ਖੁਸ਼ੀਆਂ ਖੇੜੇ ਲਿਆਵੇ, ਲੋਕਾਂ ਨੂੰ ਤਰੱਕੀ, ਖੁਸ਼ਹਾਲੀ ਤੇ ਨਰੋਈ ਸਿਹਤ ਮਿਲੇ।
ਦੋਵਾਂ ਆਗੂਆਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਵੇਂ ਸਾਲ ’ਤੇ ਇਹ ਵਿਸ਼ੇਸ਼ ਗੁਰਮਤਿ ਸਮਾਗਮ ਇਸ ਵਾਸਤੇ ਕਰਵਾਏ ਜਾਂਦੇ ਤਾਂ ਜੋ ਨੌਜਵਾਨ ਪੀੜੀ ਕਲੱਬਾਂ ਜਾਂ ਹੋਰ ਅਜਿਹੀਆਂ ਥਾਵਾਂ ’ਤੇ ਜਾ ਕੇ ਨਸ਼ੇ ਵਿਚ ਧੁੱਤ ਹੋਕੇ ਨਵਾਂ ਸਾਲ ਮਨਾਉਣ ਦੀ ਥਾਂ ਗੁਰੂ ਕੇ ਸਿੱਖ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਰੱਬੀ ਬਾਣੀ ਦਾ ਸਿਮਰਨ ਕਰਦਿਆਂ ਗੁਰਮਤਿ ਅਨੁਸਾਰ ਨਵਾਂ ਸਾਲ ਮਨਾਵੇ। ਉਹਨਾਂ ਕਿਹਾ ਕਿ ਇਹ ਭਾਵੇਂ ਅੰਗਰੇਜ਼ੀ ਕੈਲੰਡਰ ਅਨੁਸਾਰ ਨਵਾਂ ਸਾਲ ਹੈ ਪਰ ਸਿੱਖ ਕੌਮ ਦਾ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਚੇਤ ਜੋ ਕਿ ਮਾਰਚ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਉਸ ਤੋਂ ਸ਼ੁਰੂ ਹੁੰਦਾ ਹੈ।
ਉਹਨਾਂ ਕਿਹਾ ਕਿ ਬਹੁਤ ਘਾਲਣਾ ਕਰਕੇ ਸਿੱਖ ਬੁੱਧੀਜੀਵੀਆਂ ਨੇ ਸਾਡਾ ਆਪਣਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਜਿਸ ਅਨੁਸਾਰ ਸਾਰੀ ਸਿੱਖ ਆਪਣੇ ਦਿਹਾੜੇ ਮਨਾਉਂਦੀ ਹੈ।
ਉਹਨਾਂ ਨੇ ਗੁਰਸਿੱਖ ਜੀਵਨ ਤੋਂ ਭਟਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੇ ਅੱਗੇ ਨਤਮਸਤਕ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਪਤਿਤਪੁਣੇ ਨੂੰ ਅਲਵਿਦਾ ਕਹਿ ਕੇ ਮੁੜ ਤੋਂ ਗੁਰਸਿੱਖੀ ਸਰੂਪ ਧਾਰਨ ਕਰਨ ਤੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ।
ਉਹਨਾਂ ਕਿਹਾ ਕਿ ਅਸੀਂ ਸਾਰੇ ਹਾਲ ਹੀ ਵਿਚ ਸ਼ਹੀਦੀ ਦਿਹਾੜੇ ਮਨਾ ਕੇ ਹਟੇ ਹਾਂ। ਉਹਨਾਂ ਸਵਾਲ ਕੀਤਾ ਕਿ ਗੁਰੂ ਸਾਹਿਬ ਦੇ ਲਾਲਾਂ ਨੇ ਕਿਸ ਕੰਮ ਪਿੱਛੇ ਸ਼ਹੀਦੀਆਂ ਦਿੱਤੀਆਂ ਸਨ ? । ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਚਮਕੌਰ ਦੀ ਚੜ੍ਹੀ ਵਿਚ ਸ਼ਹੀਦ ਹੋਏ ਤੇ ਦੋ ਸਾਹਿਬਜ਼ਾਦਿਆਂ ਨੇ ਸਰਹਿੰਦ ਦੀ ਦੀਵਾਰ ਵਿਚ ਸ਼ਹਾਦਤਾਂ ਦਿੱਤੀਆਂ ਤੇ ਸਿਰਫ ਤੇ ਸਿਰਫ ਸਿੱਖੀ ਖ਼ਾਤਰ ਦਿੱਤੀਆਂ।
ਉਹਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਗੁਰਸਿੱਖੀ ਜੀਵਨ ਧਾਰਨ ਕਰ ਕੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ। ਅੰਤ ਵਿਚ ਉਹਨਾਂ ਫਿਰ ਸ਼ੁਭ ਇੱਛਾਵਾਂ ਦਿੱਤੀਆਂ ਕਿ ਸਾਲ 2024 ਸਮੁੱਚੀ ਦੁਨੀਆਂ ਵਾਸਤੇ ਸ਼ਾਂਤੀ ਭਰਪੂਰ, ਤਰੱਕੀ, ਖੁਸ਼ਹਾਲੀ ਤੇ ਨਰੋਈ ਸਿਹਤ ਲੈ ਕੇ ਆਵੇ।