ਸ੍ਰੀ ਮੁਕਤਸਰ ਸਾਹਿਬ, 18 ਮਈ (ਵਿਪਨ ਮਿਤੱਲ ਬਿਊਰੋ) ਸਾਰੇ ਦੇਸ਼ ਅੰਦਰ 2024 ਦੀ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਇਸੇ ਲੜੀ ਅਧੀਨ ਪੰਜਾਬ ਅੰਦਰ 01 ਜੂਨ ਨੂੰ ਵੋਟਾਂ ਪੈਣਗੀਆਂ। ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਚੋਣਾਂ ਸਬੰਧੀ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਰੇ ਜਿਲ੍ਹੇ ਅੰਦਰ ਸਵੀਪ ਟੀਮਾਂ ਬਣਾ ਕੇ ਅਤੇ ਹੋਰ ਤਰੀਕਿਆਂ ਨਾਲ ਆਮ ਵੋਟਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਵੀ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਵੋਟਰਾਂ ਨੂੰ ਜਾਗ੍ਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸੂਦਨ ਅਤੇ ਐਸ.ਡੀ.ਐੱਮ.-ਕਮ- ਸਹਾਇਕ ਰਿਟਰਨਿੰਗ ਅਧਿਕਾਰੀ 086 ਮੈਡਮ ਬਲਜੀਤ ਕੌਰ ਪੀ.ਸੀ.ਐੱਸ. ਨੂੰ ਵਧਾਈ ਦਿਤੀ ਹੈ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਵਾਲੇ ਦਿਨ ਵੋਟਰਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਵੋਟਰਾਂ ਨੂੰ ਧੁੱਪ ਤੋਂ ਬਚਾਉਣ ਲਈ ਛਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਬਜ਼ੁਰਗਾਂ, ਬਿਮਾਰਾਂ ਅਤੇ ਵਿਦਿਆਂਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਕਤ ਵਧੀਆ ਪ੍ਰਬੰਧਾਂ ਲਈ ਵਧਾਈ ਦੇਣ ਦੇ ਮੰਤਵ ਨਾਲ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਐਸ.ਡੀ.ਐਮ. ਬਲਜੀਤ ਕੌਰ ਪੀ.ਸੀ.ਐੱਸ. ਨਾਲ ਉਹਨਾਂ ਦੇ ਦਫਤਰ ਵਿਚ ਮੁਲਾਕਾਤ ਕੀਤੀ। ਇਸ ਮੌਕੇ ਰੀਡਰ ਹਰੀਸ਼ ਵੀ ਮੌਜੂਦ ਸਨ। ਪ੍ਰਧਾਨ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਇੰਜ. ਅਸ਼ੋਕ ਕੁਮਾਰ ਭਾਰਤੀ, ਬਲਜੀਤ ਸਿੰਘ, ਜਗਦੀਸ਼ ਚੰਦਲ ਧਵਾਲ, ਓ.ਪੀ. ਖਿੱਚੀ, ਰਾਜਿੰਦਰ ਖੁਰਾਣਾ, ਡਾ. ਸੁਰਿੰਦਰ ਗਿਰਧਰ ਅਤੇ ਪ੍ਰਦੀਪ ਧੂੜੀਆ ਆਦਿ ਮੌਜੂਦ ਸਨ। ਇਸ ਮੁਲਾਕਾਤ ਦੌਰਾਨ ਮੈਡਮ ਬਲਜੀਤ ਕੌਰ ਨੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਭੁਗਤਾਉਣ ਦੀ ਅਪੀਲ ਕਰਦੇ ਹੋਏ ਵੋਟਾਂ ਵਾਲੇ ਦਿਨ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੁਲਾਕਾਤ ਦੌਰਾਨ ਮਿਸ਼ਨ ਵੱਲੋਂ ਚੋਣਾਂ ਲਈ ਵਧੀਆ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੂੰ ਮੈਡਮ ਐੱਸ.ਡੀ.ਐੱਮ. ਰਾਹੀਂ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ।