ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਡਿਪਟੀ ਪੋਸਟ ਮਾਸਟਰ ਸੰਜੀਵ ਕੁਮਾਰ ਦੀ 42 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕਰ ਲਈ ਹੈ। ਇਹ ਜਾਣਕਾਰੀ ਜਲੰਧਰ ਈਡੀ ਨੇ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਕਿਹਾ ਕਿ ਸੰਦੀਪ ਕੁਮਾਰ ਵੱਲੋਂ ਵਿੱਤੀ ਧੋਖਾਧੜੀ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ। ਸੰਜੀਵ ਵਿਰੁੱਧ ਇਹ ਕਾਰਵਾਈ ਪੀਐਮਐਲਏ 2002 ਤਹਿਤ ਕੀਤੀ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ 8.50 ਕਰੋੜ ਰੁਪਏ ਦੇ ਗਬਨ ਦੇ ਦੋਸ਼ੀ ਸਾਬਕਾ ਸਬ ਪੋਸਟ ਮਾਸਟਰ ਨੂੰ ਸੀਬੀਆਈ ਦੀ ਮੁਹਾਲੀ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਜਲੰਧਰ ਦੇ ਰਹਿਣ ਵਾਲੇ ਸੰਜੀਵ ਕੁਮਾਰ ‘ਤੇ 15.40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੰਜੀਵ ‘ਤੇ ਸਾਲ 2014 ਅਤੇ 2017 ਦੌਰਾਨ ਨਕੋਦਰ ਅਤੇ ਰੁੜਕਾ ਕਲਾਂ ਵਿਖੇ ਤਾਇਨਾਤੀ ਦੌਰਾਨ ਸਬ ਪੋਸਟ ਮਾਸਟਰ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰੀ ਫੰਡਾਂ ਦੀ ਧੋਖਾਧੜੀ ਅਤੇ ਗਬਨ ਕਰਨ ਦਾ ਦੋਸ਼ ਹੈ। ਇਹ ਕੇਸ ਕਪੂਰਥਲਾ ਡਾਕਘਰ ਦੇ ਸੁਪਰਡੈਂਟ ਦਿਲਬਾਗ ਸਿੰਘ ਸੂਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਸੀਬੀਆਈ ਦੇ ਦਸਤਾਵੇਜ਼ਾਂ ਮੁਤਾਬਕ ਮੁਲਜ਼ਮ ਨੇ 54 ਫਰਜ਼ੀ ਖ਼ਾਤਿਆਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਸੀ। ਸੀਬੀਆਈ ਨੇ ਜਨਵਰੀ 2018 ਵਿੱਚ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 120-ਬੀ, 409, 420, 467, 468, 471, 477-ਏ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ। ਸੀਬੀਆਈ ਮੁਤਾਬਕ ਮੁਲਜ਼ਮ ਇਨ੍ਹਾਂ ਖਾਤਿਆਂ ਨੂੰ ਆਪਰੇਟ ਕਰਦੇ ਸਨ ਅਤੇ ਵੱਖ-ਵੱਖ ਲੈਣ-ਦੇਣ ਰਾਹੀਂ ਪੈਸੇ ਕਢਵਾਉਂਦੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਵਰਤੀ ਜਮ੍ਹਾ (ਆਰਡੀ) ਖਾਤਿਆਂ ਦੀ ਕੀਮਤ ਨੂੰ ਜ਼ੀਰੋ ਜੋੜ ਕੇ ਵਧਾ ਦਿੰਦੇ ਸਨ।