ਬਰਨਾਲਾ : ਸ਼ਹਿਰ ਦੇ ਵਾਰਡ ਨੰਬਰ 22 ਸਥਿਤ ਪ੍ਰੇਮ ਨਗਰ ’ਚ ਅੱਜ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਲਗਭਗ ਦੋ ਕਿਲੋਮੀਟਰ ਦੂਰ ਤੱਕ ਸੁਣੀ ਗਈ। ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜਿਆਂ ਦੇ ਸੀਸ਼ੇ ਤਕ ਟੁੱਟ ਗਏ। ਜਾਣਕਾਰੀ ਅਨੁਸਾਰ, ਪ੍ਰੇਮ ਨਗਰ ’ਚ ਇਕ ਪੁਰਾਣਾ ਤੇਲ ਵਾਲਾ ਡਰਮ ਪਿਆ ਹੋਇਆ ਸੀ, ਜਿਸਨੂੰ ਮਾਲਕਾਂ ਵੱਲੋਂ ਕਬਾੜੀਆਂ ਨੂੰ ਵੇਚ ਦਿੱਤਾ ਗਿਆ ਸੀ। ਅੱਜ ਜਦੋਂ ਕਬਾੜੀਏ ਇਹ ਡਰਮ ਲੈਣ ਆਏ ਤੇ ਮਜ਼ਦੂਰਾਂ ਵੱਲੋਂ ਗੈਸ ਕਟਰ ਦੀ ਮਦਦ ਨਾਲ ਇਸਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਮ ’ਚ ਇਕ ਵੱਡਾ ਧਮਾਕਾ ਹੋ ਗਿਆ। ਧਮਾਕੇ ਕਾਰਨ ਆਸ-ਪਾਸ ਦੀਆਂ ਕੁਝ ਦੁਕਾਨਾਂ ’ਚ ਦਰਾਰਾਂ ਪੈ ਗਈਆਂ ਤੇ ਕਈ ਜਗ੍ਹਾਂ ਤੇ ਕਾਂਚ ਤਕ ਟੁੱਟ ਗਏ। ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਵੱਲੋਂ ਸਮੇਂ ਸਿਰ ਕਾਬੂ ਕਰ ਲਿਆ ਗਿਆ। ਖੁਸ਼ਕਿਸਮਤੀ ਨਾਲ ਕਿਸੇ ਵੱਡੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਇਸ ਮੌਕੇ ‘ਤੇ ਫਾਇਰ ਫਾਈਟਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਧਮਾਕਾ ਰਹਾਇਸ਼ੀ ਇਲਾਕੇ ਵਿਚ ਹੋਇਆ, ਜੋ ਕਿ ਇੱਕ ਵੱਡੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡਰਮ ਵਿਚ ਗੈਸ ਬਣੀ ਹੋਈ ਸੀ ਜੋ ਕਿ ਧਮਾਕੇ ਦੀ ਵਜ੍ਹਾ ਬਣੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ ’ਚ ਫਾਇਰ ਵਿਭਾਗ ਨੂੰ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੱਡੀ ਹਾਦਸੇ ਤੋਂ ਬਚਿਆ ਜਾ ਸਕੇ।