ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ ਜਿਸ ਦੌਰਾਨ ਇਕ ਦੀ ਮੌਤ ਹੋ ਗਈ। ਮਾਮਲਾ ਤਰਨਤਾਰਨ ਦੇ ਜ਼ਿਲ੍ਹਾ ਪੱਟੀ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਫ਼ਾਇਰਿੰਗ ਕੀਤੀ ਗਈ। ਮ੍ਰਿਤਕ ਦੀ ਪਛਾਣ ਬਰਿੰਦਰਬੀਰ ਸਿੰਘ ਵਜੋਂ ਹੋਈ ਹੈ। ਥਾਣਾ ਪੱਟੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੱਟੀ ਵਾਸੀ ਇਸ਼ਟਪ੍ਰਤਾਪ ਸਿੰਘ ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਦੇ ਦਾਦੇ ਨੇ ਪੁਰਾਣੇ ਸਮੇਂ ਆਪਣੀ 16 ਏਕੜ ਮਾਲਕੀ ਜ਼ਮੀਨ ਦਾ ਬਿਆਨਾ ਨਵਤੇਜ ਸਿੰਘ ਤੇ ਜਗਬੀਰ ਸਿੰਘ ਨੂੰ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਉਸ ਦੇ ਦਾਦੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ਼ਟਪ੍ਰਤਾਪ ਸਿੰਘ ਨੇ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਜ਼ਮੀਨ ਦਾ ਕੋਰਟ ਵਿਚ ਕੇਸ ਚੱਲਣ ਲੱਗਾ। ਜਦੋਂ ਕਿ ਬਰਿੰਦਰਬੀਰ ਸਿੰਘ ਜੋ ਕਿ ਇਸ਼ਟਪ੍ਰਤਾਪ ਸਿੰਘ ਦਾ ਰਿਸ਼ਤੇਦਾਰ ਹੈ, ਝਗੜੇ ਵਾਲੀ ਜ਼ਮੀਨ ਉਤੇ ਕਮਰਾ ਬਣਾ ਕੇ ਆਪਣੇ ਸਾਥੀਆਂ ਨਾਲ ਬੈਠਾ ਹੋਇਆ ਸੀ, ਇਸ ਦੌਰਾਨ ਫਾਰਚੂਨਰ ਸਵਾਰ 2 ਵਿਅਕਤੀ ਆਏ ਤੇ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 2 ਗੋਲੀਆਂ ਬਰਿੰਦਰਬੀਰ ਸਿੰਘ ਦੇ ਲੱਗੀਆਂ ਜਿਸ ਕਰਕੇ ਉਸ ਦੀ ਮੌਕੇ ਉਤੇ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਜਲਦ ਕਾਰਵਾਈ ਕੀਤੀ ਜਾਵੇਗੀ।