ਸ੍ਰੀ ਮੁਕਤਸਰ ਸਾਹਿਬ, 01 ਅਪ੍ਰੈਲ (ਵਿਪਨ ਮਿੱਤਲ) ਕਿਸੇ ਵੀ ਦੇਸ਼ ਦੇ ਸਰਵਪੱਖੀ ਅਤੇ ਸਾਰਥਿਕ ਵਿਕਾਸ ਵਿਚ ਨੌਜਵਾਨ ਪੀੜੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇਹੀ ਪੀੜੀ ਸਮੁੱਚੇ ਸਮਾਜ ਦਾ ਭਵਿੱਖ ਸੰਵਾਰਦੀ ਹੈ। ਦੇਸ਼ ਦੀਆਂ ਆਮ ਚੋਣਾਂ ਅਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਨੌਜਵਾਨ ਪੀੜੀ ਦਾ ਅਹਿਮ ਯੋਗਦਾਨ ਹੁੰਦਾ ਹੈ। ਸਾਡੇ ਦੇਸ਼ ਵਿਚ ਅਠਾਰਾਂ ਸਾਲ ਦਾ ਹਰ ਨੌਜਵਾਨ ਲੜਕਾ/ਲੜਕੀ ਵੋਟ ਪਾਉਣ ਦਾ ਹੱਕਦਾਰ ਹੋ ਜਾਂਦਾ ਹੈ। ਦੁਨੀਆ ਦੇ ਮੰਨੇ ਪ੍ਰਮੰਨੇ ਵਿਦਵਾਨ ਦੇਸ਼ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਬਿਨਾ ਕਿਸੇ ਭੇਦ ਭਾਵ ਤੋਂ ਸਾਰੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਤਾ ਹੈ। ਇਸੇ ਵੋਟ ਦੀ ਵਰਤੋਂ ਕਰਕੇ ਹੇਠਲੇ ਪੱਧਰ ਤੋਂ ਲੈ ਕੇ ਦੇਸ਼ ਦੀ ਸਰਵ ਉੱਚ ਸੰਸਥਾ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਹਨ। ਪਿਛਲੇ ਕਰੀਬ ਇਕ ਦਹਾਕੇ ਤੋਂ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਫਸਟ ਟਾਇਮ ਵੋਟਰਾਂ (ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ) ਲਈ ‘ਸ਼ੁਭ ਇੱਛਾਵਾਂ’ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਹ ਸਮਾਰੋਹ ਆਉਂਦੀ 14 ਅਪ੍ਰੈਲ ਐਤਵਾਰ ਨੂੰ ਡਾ. ਅੰਬੇਡਕਰ ਜੈਯੰਤੀ ਸਮੇਂ ਸਥਾਨਕ ਰੋਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਸਵੇਰੇ 11:00 ਵਜੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੀ ਪ੍ਰਧਾਨਗੀ ਮੀਟਿੰਗ ਦੌਰਾਨ ਮੌਜੂਦ ਸਭ ਤੋਂ ਛੋਟੀ ਉਮਰ ਦਾ ਵੋਟਰ ਕਰੇਗਾ। ਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਫਸਟ ਟਾਇਮ ਵੋਟਰਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਜਾਣਗੀਆਂ। ਅਜਿਹਾ ਕਰਕੇ ਦੇਸ਼ ਦੇ ਸਮੂਹ ਫਸਟ ਟਾਇਮ ਵੋਟਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। ਪ੍ਰਧਾਨ ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਉਕਤ ਮੀਟਿੰਗ ਦੌਰਾਨ ਮਿਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਣਗੇ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਅਠਾਰਾਂ ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਲੜਕੇ/ਲੜਕੀਆਂ ਆਉਂਦੀ 04 ਅਪ੍ਰੈਲ ਵੀਰਵਾਰ ਤੱਕ ਆਪਣੇ-ਆਪਣੇ ਬੀ.ਐਲ.ਓ. ਰਾਹੀਂ ਜਾਂ ਆਨਲਾਈਨ ਅਪਲਾਈ ਕਰਕੇ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਵਿਕਾਸ ਮਿਸ਼ਨ ਵੱਲੋਂ ਕੀਤੇ ਜਾਣ ਵਾਲੇ ਫਸਟ ਟਾਇਮ ਵੋਟਰ ਸਨਮਾਨ ਸਮਾਰੋਹ ਵਿਚ ਭਾਗ ਲੈਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟਰ ਆਈ ਕਾਰਡ ਦੀ ਫੋਟੋ ਅਤੇ ਆਪਣਾ ਫੋਨ ਨੰਬਰ ਮਿਸ਼ਨ ਦੇ ਵਟਸਐਪ ਨੰਬਰ 99144-23732 ’ਤੇ ਭੇਜਣ ਦੀ ਖੇਚਲ ਕਰਨ।