Skip to content
ਅੱਜ ਸਵੇਰੇ ਪਟਿਆਲਾ ਦੇ ਪਸੀਆਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਹੇਠੋਂ ਪਾਣੀ ਲੀਕ ਹੋਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਪਾੜ ਹੌਲੀ-ਹੌਲੀ ਵਧ ਗਿਆ। ਸੂਚਨਾ ਮਿਲਣ ਉਤੇ ਅਧਿਕਾਰੀ ਮੌਕੇ ਪਹੁੰਚ ਗਏ ਹਨ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਖੜਾ ਦੀਆਂ ਪਟੜੀਆਂ ਦੀ ਮੁਰੰਮਤ ਅਤੇ ਕਿਨਾਰਿਆਂ ਨੂੰ ਮਜਬੂਤ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਜਦੋਂ ਸਵੇਰੇ ਕੁਝ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਉਥੋਂ ਪਾਣੀ ਲੀਕ ਹੁੰਦਾ ਦੇਖਿਆ ਤਾਂ ਉਨ੍ਹਾਂ ਵੱਲੋਂ ਤੁਰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ।
ਮੌਕੇ ਉਤੇ ਪੁੱਜੇ ਅਧਿਕਾਰੀਆਂ ਨੇ ਇਸ ਲੀਕੇਜ ਨੂੰ ਬੰਦ ਕਰਨ ਲਈ ਕੰਮ ਸ਼ੁਰੂ ਕਰਵਾਇਆ ਪਰ ਕਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਵੀ ਪਾਣੀ ਦੀ ਲੀਕੇਜ ਅਜੇ ਵੀ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਪਸੀਆਣਾ ਪੁਲ ਦੇ ਨਜ਼ਦੀਕ ਭਾਖੜਾ ਦੀ ਪਟੜੀ ਜੋ ਕਿ ਸੰਗਰੂਰ ਪਾਸੇ ਵੱਲ ਹੈ, ਹੇਠੋਂ ਪਾਣੀ ਲੀਕ ਹੋ ਰਿਹਾ ਹੈ। ਪਟੜੀ ਹੇਠੋਂ ਤਿੰਨ ਚਾਰ ਫੁੱਟ ਲੰਬੇ ਪਏ ਇਸ ਪਾੜ ਕਾਰਨ ਪਾਣੀ ਲਗਾਤਾਰ ਅੱਗੇ ਵਧ ਰਿਹਾ ਹੈ। ਹੁਣ ਇਸ ਨੂੰ ਰੋਕਣ ਲਈ ਬੋਰੀਆਂ ਆਦਿ ਲਗਾ ਕੇ ਲੇਬਰ ਵੱਲੋਂ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਇਸ ਬਾਬਤ ਭਾਖੜਾ ਮੇਨ ਲਾਈਨ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਸ ਦੇ ਪਾਣੀ ਦਾ ਪੱਧਰ ਘਟਾ ਦਿੱਤਾ ਹੈ।
ਪਟਿਆਲਾ ਦੇ ਐਸਡੀਐਮ ਤੇ ਹੋਰ ਅਧਿਕਾਰੀਆਂ ਵੱਲੋਂ ਹਾਲਾਤ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸ਼ਾਮ ਤੱਕ ਜਿਵੇਂ ਹੀ ਨਹਿਰ ਦਾ ਪਾਣੀ ਘਟੇਗਾ, ਪਾੜ ਨੂੰ ਬੰਦ ਕਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਭਾਖੜਾ ਨਹਿਰ ਦੇ ਕੱਚੇ ਕਿਨਾਰਿਆਂ ਜਾਂ ਜਿੱਥੇ ਪਾਣੀ ਦੇ ਲੀਕ ਹੋਣ ਦਾ ਖਤਰਾ ਹੁੰਦਾ ਹੈ, ਉਸ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
Post Views: 2,047