ਖੇਡਾਂ ਦੀ ਦੁਨੀਆ ‘ਚ ਭਾਰਤ ਲਗਾਤਾਰ ਝੰਡਾ ਲਹਿਰਾ ਰਿਹਾ ਹੈ। ਭਾਰਤੀ ਦੌੜਾਕ ਗੁਲਵੀਰ ਸਿੰਘ ਨੇ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ ਵਿੱਚ 3000 ਮੀਟਰ ਸਪ੍ਰਿੰਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਗੁਲਵੀਰ ਨੇ ਮੁਕਾਬਲੇ ਦੇ ਆਖਰੀ ਦਿਨ ਸੋਮਵਾਰ ਨੂੰ 3000 ਮੀਟਰ ਦੌੜ ਜਿੱਤ ਕੇ ਭਾਰਤ ਨੂੰ ਏਸ਼ੀਅਨ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ‘ਚ ਚੌਥਾ ਸੋਨ ਤਮਗਾ ਦਿਵਾਇਆ।

    ਗੁਲਵੀਰ ਨੇ 8 ਮਿੰਟ 07.48 ਸਕਿੰਟ ਦੇ ਸਮੇਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਕਿਰਗਿਸਤਾਨ ਦੇ ਕੇਨੇਸ਼ਬੇਕੋਵ ਨੂਰਸੁਲਤਾਨ (8:08.85) ਅਤੇ ਇਰਾਨ ਦੇ ਜਲੀਲ ਨਸਰੀ (8:09.39) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲੇ ਦਿਨ ਅੰਕਿਤਾ ਨੇ ਔਰਤਾਂ ਦੀ 3000 ਮੀਟਰ ਦੌੜ ਵਿੱਚ 9:26.22 ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

    ਗੁਲਵੀਰ ਤੋਂ ਪਹਿਲਾਂ ਸ਼ਨੀਵਾਰ ਨੂੰ ਤਜਿੰਦਰ ਪਾਲ ਸਿੰਘ ਤੂਰ ਨੇ ਸ਼ਾਟ ਪੁਟ ‘ਚ, ਜੋਤੀ ਯਾਰਾਜੀ ਨੇ 100 ਮੀਟਰ ਹਰਡਲ ‘ਚ ਅਤੇ ਹਰਮਿਲਨ ਬੈਂਸ ਨੇ 1500 ਮੀਟਰ ਦੌੜ ‘ਚ ਸੋਨ ਤਮਗਾ ਜਿੱਤਿਆ ਸੀ। ਭਾਰਤ ਨੇ ਇਸ ਤਰ੍ਹਾਂ ਮੁਕਾਬਲੇ ਵਿੱਚ ਚਾਰ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ।