ਦਿੱਲੀ ਤੋਂ ਸ਼ਿਰਡੀ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਸ਼ਰਾਬੀ ਯਾਤਰੀ ਨੇ ਏਅਰ ਹੋਸਟੇਸ ਨਾਲ ਛੇੜਛਾੜ ਕੀਤੀ। ਜਦੋਂ ਫ਼ਲਾਈਟ ਸ਼ਿਰਡੀ ਹਵਾਈ ਅੱਡੇ ‘ਤੇ ਉਤਰੀ, ਤਾਂ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦੇ ਅਨੁਸਾਰ, ਦੋਸ਼ੀ ਯਾਤਰੀ ਨੇ ਫ਼ਲਾਈਟ ਦੇ ਟਾਇਲਟ ਨੇੜੇ ਏਅਰ ਹੋਸਟੇਸ ਨੂੰ ਗਲਤ ਢੰਗ ਨਾਲ ਛੂਹਿਆ। ਏਅਰ ਹੋਸਟੈੱਸ ਨੇ ਤੁਰੰਤ ਇਸ ਬਾਰੇ ਕਰੂ ਮੈਨੇਜਰ ਨੂੰ ਸੂਚਿਤ ਕੀਤਾ। ਜਿਵੇਂ ਹੀ ਫ਼ਲਾਈਟ ਹਵਾਈ ਅੱਡੇ ‘ਤੇ ਉਤਰੀ, ਸੁਰੱਖਿਆ ਅਧਿਕਾਰੀਆਂ ਨੂੰ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ। ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸ਼ਰਾਬੀ ਸੀ। ਇਸ ਵੇਲੇ ਉਸ ਤੋਂ ਪੁੱਛਗਿੱਛ ਜਾਰੀ ਹੈ।